ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੱਖਣ-ਪੂਰਬੀ ਏਸ਼ੀਆਈ ਨੇਤਾਵਾਂ ਨਾਲ ਮੁਲਾਕਾਤ ਕਰਨ ਲਈ ਕੱਲ੍ਹ ਮੈਲਬੌਰਨ ਦੀ ਯਾਤਰਾ ਕਰਨਗੇ। ਉਨ੍ਹਾਂ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੱਦਾ ਭੇਜਿਆ ਹੈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਲਕਸਨ ਦੀ ਇਹ ਆਸਟ੍ਰੇਲੀਆ ਦੀ ਇਹ ਦੂਜੀ ਸਰਕਾਰੀ ਯਾਤਰਾ ਹੋਵੇਗੀ, ਦੱਸ ਦੇਈਏ ਲਕਸਨ ਪਿਛਲੇ ਸਾਲ ਦਸੰਬਰ ਵਿੱਚ ਅਲਬਾਨੀਜ਼ ਨਾਲ ਮੁਲਾਕਾਤ ਕਰਨ ਲਈ ਸਿਡਨੀ ਗਏ ਸਨ। ਪ੍ਰਧਾਨ ਮੰਤਰੀ ਆਸੀਆਨ-ਆਸਟ੍ਰੇਲੀਆ ਵਿਸ਼ੇਸ਼ ਸ਼ਿਖਰ ਸੰਮੇਲਨ ਤੋਂ ਇਲਾਵਾ ਆਸੀਆਨ (ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ) ਦੇ ਕਈ ਨੇਤਾਵਾਂ ਨਾਲ ਮੁਲਾਕਾਤ ਕਰਨਗੇ।
ਲਕਸਨ ਨੇ ਕਿਹਾ ਕਿ ਦੱਖਣ-ਪੂਰਬੀ ਏਸ਼ੀਆ ਨਿਊਜ਼ੀਲੈਂਡ ਲਈ “ਅਵਿਸ਼ਵਾਸ਼ਯੋਗ ਤੌਰ ‘ਤੇ ਮਹੱਤਵਪੂਰਨ” ਸੀ। ਉਨ੍ਹਾਂ ਕਿਹਾ ਕਿ, “ਆਸੀਆਨ ਬਲਾਕ ਸਾਡਾ ਤੀਜਾ ਸਭ ਤੋਂ ਵੱਡਾ ਮਾਲ ਨਿਰਯਾਤ ਬਾਜ਼ਾਰ ਹੈ। ਖੇਤਰ ‘ਤੇ ਸਾਡਾ ਧਿਆਨ ਵਧਾਉਣਾ ਨਿਊਜ਼ੀਲੈਂਡ ਦੇ ਰਣਨੀਤਕ ਅਤੇ ਆਰਥਿਕ ਹਿੱਤਾਂ ‘ਤੇ ਇਸ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ।” ਲਕਸਨ ਆਸਟ੍ਰੇਲੀਆ ਵਿਚ ਰਹਿੰਦੇ ਹੋਏ ਟਰਾਂਸ-ਤਸਮਾਨ ਵਪਾਰਕ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਬੁੱਧਵਾਰ ਸ਼ਾਮ ਨੂੰ ਨਿਊਜ਼ੀਲੈਂਡ ਵਾਪਿਸ ਪਰਤਣਗੇ।