ਅੱਜ 5 ਸਤੰਬਰ ਤੇ ਜਨਮ ਦਿਨ ਵਿਸ਼ੇਸ਼
ਤਰਨਦੀਪ ਬਿਲਾਸਪੁਰ –
ਮਨੁੱਖ ਆਦਿ ਤੋਂ ਆਪਣੇ ਲਈ ਸੁਪਨੇ ਦੇਖਦਾ ਹੈ ,ਦੇਖਣੇ ਵੀ ਚਾਹੀਦੇ ਹਨ | ਪਰ ਇਹ ਸੁਪਨੇ ਉਦੋਂ ਹੋਰ ਵੀ ਹੁਸੀਨ ਹੋ ਜਾਂਦੇ ਹਨ | ਜਦੋਂ ਸਾਡੇ ਸੁਪਨਿਆਂ ਵਿਚ ਸਮਾਜ ਵੀ ਸ਼ਾਮਿਲ ਹੋ ਜਾਵੇ | ਇਵੇਂ ਹੀ ਅਸੀਂ ਅੱਜ ਸੁਪਨਿਆਂ ਨੂੰ ਸੱਚ ਕਰਨ ਵਾਲੀ ਇੱਕ ਕੂੰਝ ਦੀ ਗੱਲ ਕਰਨ ਲੱਗੇ ਹਾਂ | ਸਾਡੀਆਂ ਲੋਕ ਬੋਲੀਆਂ ਵਿਚ ਕੂੰਜਾਂ ਤੇ ਧੀਆਂ ਨੂੰ ਬਰਾਬਰ ਦਾ ਰੁਤਬਾ ਮਿਲਿਆ ਹੈ | ਬਲਜੀਤ ਕੌਰ ਦੇਹਲ ਨਿਊਜ਼ੀਲੈਂਡ ਦੇ ਪੰਜਾਬੀ ਡਾਇਸਪੋਰਾ ਵਿਚ ਜਿਸ ਤਰੀਕੇ ਆਪਣੀ ਛਾਪ ਛੱਡਣ ਵਿਚ ਕਾਮਯਾਬ ਹੋਈ ਹੈ | ਸ਼ਾਇਦ ਹੀ ਉਸਦੀ ਇਸ ਛਾਪ ਵਿਚਲਾ ਮੋਹ ਸਤਿਕਾਰ ਕਿਸੇ ਹੋਰ ਨੇ ਖੱਟਿਆ ਹੋਵੇ | ਇਹ ਬਲਜੀਤ ਦੀ ਹਿੰਮਤ ਸੀ ,ਜਿਸ ਬਜ਼ੁਰਗਾਂ ਦੇ ਚੇਹਰਿਆਂ ਤੇ ਛਾਈ ਪਿਲੱਤਣ ਲਾਹੀ , ਉਹਨਾਂ ਨੂੰ ਵੋਮੈਨ ਕੇਅਰ ਟਰੱਸਟ ਰਾਹੀਂ ਨਵਾਂ ਸਿਰਜਿਆ ਪੰਜਾਬ ਦਿੱਤਾ ,ਉਮਰ ਦੀ ਖੜੋਤ ਵਾਲੇ ਸਾਲਾਂ ਵਿਚ ਇੱਕ ਰਵਾਨਗੀ ਦਿੱਤੀ | ਜਲੰਧਰ ਵਿਚ ਸਰਦਾਰ ਇਕੱਤਰ ਸਿੰਘ ਅਤੇ ਗੁਰਦੀਪ ਕੌਰ ਦੇ ਘਰ 5 ਸਤੰਬਰ ਨੂੰ ਜਨਮੀ ਤੇ ਦੋ ਹੋਰ ਭੈਣਾਂ ਤੇ ਇੱਕ ਭਰਾ ਨਾਲ ਪ੍ਰਵਾਨ ਚੜੀ ਬਲਜੀਤ ਨੇ ਐਸ.ਡੀ ਗਰਲਜ਼ ਕਾਲਿਜ ਜਲੰਧਰ ਤੋਂ ਬੀ.ਕਾਮ (ਕਾਮਰਸ ) ਕੀਤੀ | ਉਸਦਾ ਵਿਆਹ ਦੁਆਬੇ ਦੇ ਇਤਿਹਾਸਕ ਪਿੰਡ ਪਾਸਲਾ ਦੇ ਵਲੈਤੀਆਂ ਦੇ ਮੁੰਡੇ ਹਰਜੀਤ ਸਿੰਘ ਦੇਹਲ ਪੁੱਤਰ ਸਰਦਾਰ ਸੋਹਣ ਸਿੰਘ ਦੇਹਲ ਨਾਲ ਫਰਵਰੀ 2000 ਵਿਚ ਹੋਇਆ | ਇਥੋਂ ਹੀ ਪੰਜਾਬ ਦੀਆਂ ਹੋਰ ਧੀਆਂ ਵਾਂਗ ਉਹ ਕੂੰਝ ਬਣੀ ਤੇ ਉਸ ਵਲੈਤ ਦੇ ਬਰਮਿੰਘਮ ਸ਼ਹਿਰ ਵੱਲ ਪਰਵਾਜ਼ ਭਰੀ | ਇਹ ਸਮਾਂ ਬੜਾ ਔਖਾ ਹੁੰਦਾ ਹੈ ,ਜਦੋਂ ਤੁਸੀਂ ਉਮਰ ਦੇ ਅੱਲੜ ਦੌਰ ਵਿਚ ਨਵੇਂ ਮੁਲਕ ,ਨਵੇਂ ਰਿਸ਼ਤਿਆਂ ,ਨਵੀਂ ਭਾਸ਼ਾ ਵਿਚ ਪਹਿਚਾਣ ਤੇ ਥਾਂ ਬਣਾਉਣ ਲਈ ਸੰਘਰਸ਼ ਕਰਨ ਲੱਗਦੇ ਹੋ | ਪਰ ਇਸ ਨਵੇਂ ਰਾਹ ਤੇ ਵੱਡੀ ਭੈਣ ਜੋ ਜੇਠਾਣੀ ਵੀ ਸੀ ਪਰਮਜੀਤ ਕੌਰ (ਸੋਨੀ ਦੇਹਲ ) ਪਤਨੀ ਮਰਹੂਮ ਹਰਦੀਸ਼ ਦੇਹਲ ਅੱਗੇ ਲੱਗੀ , ਸੱਸ ਬਲਵੀਰ ਕੌਰ ਜੋ ਮਾਂ ਤੋਂ ਵੀ ਵਧਕੇ ਨਾਲ ਤੁਰੀ ,ਨਨਾਣ ਕੁੱਲ ਕੁਲਾਰ ਨਵੇਂ ਮਾਹੌਲ ਵਿਚ ਸਾਰਥੀ ਬਣੀ | ਜਿਸ ਕਰਕੇ ਬਲਜੀਤ ਕੌਰ ਦੇਹਲ ਨੇ ਸਭ ਤੋਂ ਪਹਿਲੀ ਫ਼ਤਹਿ ਅੰਗਰੇਜ਼ੀ ਭਾਸ਼ਾ ਉੱਪਰ ਪਾਈ |
ਬੱਸ ਉਹ ਦਿਨ ਤੇ ਅੱਜ ਅਠਾਰਾਂ ਵਰ੍ਹਿਆਂ ਬਾਅਦ ਦੀ ਬਲਜੀਤ ਦਾ ਕੱਦ ਸਮਾਂ ਉੱਚਾ ਕਰਦਾ ਰਿਹਾ | ਉਹ ਚਾਹੇ ਬਰਮਿੰਘਮ ਦੀ ਕੱਪੜਿਆਂ ਦੀ ਦੁਕਾਨ ਤੇ ਕੀਤੀ ਪਹਿਲੀ ਨੌਕਰੀ ਸੀ | ਚਾਹੇ ਸੁਪਰ ਮਾਰਕੀਟ ਨੂੰ ਆਪਣੇ ਪ੍ਰਬੰਧ ਹੇਠ ਸਫਲਤਾਂ ਪੂਰਵਕ ਚਲਾਉਣਾ ਸੀ | ਬਲਜੀਤ ਦੇ ਹਮਸਫ਼ਰ ਤੇ ਉਘੇ ਕਾਰੋਬਾਰੀ ਹਰਜੀਤ ਦੇਹਲ ਦੱਸਦੇ ਹਨ ਕਿ 2005 -06 ਦੇ ਕਰੀਬ ਅਸੀਂ 1960 ਦੇ ਦਹਾਕੇ ‘ਚ ਇੰਗਲੈਂਡ ਪਰਵਾਸ ਕਰਕੇ ਆਏ ਬਜ਼ੁਰਗਾਂ ਦੀ ਨਿਰਾਸ਼ਾ ਭਰੀ ਜ਼ਿੰਦਗੀ ਨੂੰ ਰੋਜ਼ ਦੇਖਦੇ ਸੀ ਤੇ ਉਹਨਾਂ ਹੀ ਦਿਨਾਂ ਵਿਚ ਅਸੀਂ ਸਾਰਿਆਂ ਨੇ ਰਲਕੇ ਡਰਬੀ ਦੇ ਗੁਰੂਘਰ ਵਿਚ ਇੱਕ ਕਮਿਊਨਟੀ ਹਾਲ ਬਣਾਇਆ | ਜੋ ਅੱਗੇ ਬਜ਼ੁਰਗਾਂ ਦਾ ਕਮਿਊਨਟੀ ਸੈਂਟਰ ਕਮ ਦੁੱਖ -ਸੁਖ ਸਾਂਝ ਕੇਂਦਰ ਬਣਿਆ | ਉਸਤੋਂ ਬਾਅਦ ਇੰਗਲੈਂਡ ਵਿਚ ਅਜਿਹੇ ਕੇਂਦਰ ਸਥਾਪਿਤ ਹੋਣ ਲੱਗੇ | ਪਰ ਔਰਤਾਂ ਦੀ ਭਾਗੇਦਾਰੀ ਅਜੇ ਵੀ ਘੱਟ ਸੀ | ਇਸੇ ਦੇ ਚੱਲਦਿਆਂ ਦੇਹਲ ਪਰਿਵਾਰ ਨੇ 2007 -08 ਵਿਚ ਆਪਣੀ ਅਗਲੀ ਤਕਦੀਰ ਨਿਊਜ਼ੀਲੈਂਡ ਲਿਖਣ ਦਾ ਫੈਸਲਾ ਕੀਤਾ ਤੇ ਕੂੰਜਾਂ ਮਤਲਬ ਦੇਹਲ ਪਰਿਵਾਰ ਨੇ ਮੁੜ ਗਿਆਰਾਂ ਹਜ਼ਾਰ ਮੀਲ ਦੀ ਪਰਵਾਜ਼ ਭਰੀ | ਇਥੇ ਆਕੇ ਸਭ ਨਵੇਂ ਸਿਰੇ ਤੋਂ ਸਥਾਪਿਤ ਕਰਨਾ ਸੀ |
ਨਿਊਜ਼ੀਲੈਂਡ ਦੀ ਆਰਥਿਕ ਰਾਜਧਾਨੀ ਆਕਲੈਂਡ ਵੱਸਣ ਤੋਂ ਬਾਅਦ ਬਲਜੀਤ ਨੇ ਫਿਰ ਮੋਰਚਾ ਸਾਂਭਿਆ ਤੇ ਆਪਣੀ ਪੜਾਈ ਦਾ ਲਾਹਾ ਲੈਂਦਿਆਂ ਬੌਟਨੀ ਟਾਊਨ ਸੈਂਟਰ ਵਿਚ ਕੀਵੀ ਬੈਂਕ ਦੀ ਫਰੈਂਚਾਇਜ਼ ਨੂੰ ਸਭ ਦੀ ਸਾਂਝੀ ਸੰਸਥਾ ਬਣਾਇਆ | ਇਸੇ ਸਮੇਂ ਦੌਰਾਨ ਪਰਿਵਾਰ ਹੋਰ ਆਰਥਿਕ ਮੁਹਾਜ਼ਾਂ ਤੇ ਕੰਮ ਕਾਰ ਵਿਚ ਲੱਗਿਆ ਰਿਹਾ | 2012 -13 ਤੱਕ ਆਉਂਦਿਆਂ ਆਉਂਦਿਆਂ ਪਰਿਵਾਰ ਦੇ ਕਾਰੋਬਾਰੀ ਪੈਰ ਨਵੇਂ ਮੁਲਕ ਵਿਚ ਲੱਗ ਗਏ | ਇਸੇ ਸਮੇਂ ਬਲਜੀਤ ਦੇ ਅੰਦਰ ਨਿਊਜ਼ੀਲੈਂਡ ਵਿਚ ਵੱਸਦੀਆਂ ਬੀਬੀਆਂ ,ਮਾਈਆਂ ,ਨਵੀਆਂ ਆਈਆਂ ਕੁੜੀਆਂ ਪ੍ਰਤੀ ਕੁਝ ਕਰਨ ਦਾ ਸੰਕਲਪ ਪੁਨਰ ਸੁਰਜੀਤ ਹੋਣ ਲੱਗਿਆ | ਜਿਸਦੇ ਸਿੱਟੇ 2014 ਵਿਚ ਵੋਮੈਨ ਕੇਅਰ ਟਰੱਸਟ ਦੀ ਸਥਾਪਨਾ ਹੋਈ | ਜਿਸ ਪਾਪਾਟੋਏਟੋਏ ਨੂੰ ਆਪਣਾ ਬੇਸ ਬਣਾਇਆ ,ਤੇ ਉਹ ਦਿਨ ਜਾਂਦਾ ਤੇ ਅੱਜ ਦਾ ਦਿਨ ਆਉਂਦਾ | ਆਕਲੈਂਡ ਦੀਆਂ ਬੀਬੀਆਂ ਭੈਣਾਂ ਦੇ ਚੇਹਰਿਆਂ ਤੇ ਹਰ ਪਾਸਿਓ ਖੁਸ਼ੀਆਂ ਦੇ ਬੁੱਲੇ ਝੁਲਾਉਣ ਵਿਚ ਲੱਗੀ ਬਲਜੀਤ ਦੇ ਪੈਰ ਨਹੀਂ ਲੱਗਦੇ | ਉਹ ਸੰਸਥਾ ਦੀ ਚੇਅਰ-ਪਰਸਨ ਵੀ ਹੈ ,ਉਹ ਸਪੋਰਟ ਵਰਕਰ ਵੀ ਹੈ | ਭਾਵ ਕਿ ਉਹ ਕਿਹੜਾ ਕੰਮ ਹੈ ਜੋ ਉਹ ਨਹੀਂ ਕਰਦੀ | ਉਸਦਾ ਹਰ ਵੇਲੇ ਹੱਸੂ-ਹੱਸੂ ਕਰਦਾ ਚੇਹਰਾ ਲੋਕਾਂ ਦੀਆਂ ਪੀੜਾਂ ਢੱਕ ਲੈਂਦਾ ਹੈ | ਉਹ ਬੀਬੀਆਂ ਦੀ ਸਿਹਤ ਲਈ ਐਕਟਿਵਿਟੀਆਂ ਸਿਰਜਦੀ ਹੈ | ਉਹ ਚੁੱਪ ਹੋਏ ਬੋਲਾਂ ਵਿਚੋਂ ਲੋਕ ਬੋਲੀਆਂ ਦੀ ਛਹਿਬਰ ਲਗਵਾਉਂਦੀ ਹੈ | ਉਹ ਜਾਮ ਹੋਏ ਗੋਡਿਆਂ ਵਾਲਿਆਂ ਮਾਈਆਂ ਤੋਂ ਅੱਡੀਆਂ ਤੇ ਗਿੱਧਾ ਪਵਾਉਂਦੀ ਹੈ | ਜਦੋਂ ਵੀ ਉਹਨਾਂ ਦੇ ਸਟਨ ਕਰਿਜੈਂਟ ਵਾਲੇ ਕੰਪਲੈਕ੍ਸ ਵਿਚ ਜਾਣ ਦਾ ਮੌਕਾ ਮਿਲਦਾ ਹੈ ਤਾਂ ਅੰਗਰੇਜ਼ੀ ਦੇ ਕਾਇਦਿਆਂ ਓਹਲੇ ,ਤੇ ਕੰਮਪਿਊਟਰ ਉੱਤੇ ਅਠਖੇਲੀਆਂ ਕਰਦੀਆਂ ਮਾਈਆਂ ਬੀਬੀਆਂ ਨੂੰ ਦੇਖਦਿਆਂ ਅਲੱਗ ਹੀ ਉਤਸ਼ਾਹ ਮਿਲਦਾ ਹੈ | ਉਸਦਾ ਜਥਾ ਹਮੇਸ਼ਾਂ ਹੀ ਨਿਊਜ਼ੀਲੈਂਡ ਦੇ ਕੁਦਰਤ ਨਾਲ ਵੱਖ ਵੱਖ ਹਿੱਸਿਆਂ ਤੇ ਬਾਤਾਂ ਪਾਉਂਦਾ ਤੇ ਨਿਊਜ਼ੀਲੈਂਡ ਦੇ ਕੁਦਰਤ ਵਿਚ ਪੰਜਾਬੀ ਲੋਕ ਬੋਲੀਆਂ ਦਾ ਰਸ ਘੋਲਦਾ ਨਜ਼ਰ ਆਉਂਦਾ ਹੈ | ਬਲਜੀਤ ਦੀ ਸੰਸਥਾ ਵਲੋਂ ਸ਼ੁਰੂ ਕੀਤੀ ਲੇਡੀਜ਼ ਨਾਈਟ ਪੂਰੇ ਨਿਊਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਦਾ ਤਿਓਹਾਰ ਬਣ ਚੁੱਕੀ ਹੈ | ਭਾਰਤੀ ਮੂਲ ਦਾ ਉਹ ਕਿਹੜਾ ਸਮਾਗਮ ਹੈ ,ਜਿਥੇ ਬਲਜੀਤ ਦੇਹਲ ਅਤੇ ਉਸਦੀ ਸੰਸਥਾ ਦਾ ਪਰਚਮ ਨਹੀਂ ਲਹਿਰਾਉਂਦਾ ,ਉਹ ਕਿਹੜਾ ਐਵਾਰਡ ਹੈ ਜੋ ਉਸਦੀ ਝੋਲੀ ਨਹੀਂ ਪਿਆ | ਪਰ ਉਹ ਅਵਾਰਡਾਂ ਦੀ ਭੁੱਖ ਤੋਂ ਬਜੁਰਗਾਂ ,ਬੀਬੀਆਂ ਭੈਣਾਂ ਦੇ ਚੇਹਰਿਆਂ ਤੇ ਹਾਸਿਆਂ ਦੀ ਭੁੱਖੀ ਹੈ | ਅਲੀਸ਼ਾ ਦੇਹਲ (18 ) ਤੇ ਐਰਨਦੀਪ ਸਿੰਘ ਦੇਹਲ (12 ) ਦੀ ਲਾਡਲੀ ਮਾਂ ਬਲਜੀਤ ਦੇਹਲ ਬਾਬਤ ਬੋਲਦਿਆਂ ਉਹਨਾਂ ਦੇ ਹਮਸਫ਼ਰ ਹਰਜੀਤ ਦੇਹਲ ਕਹਿੰਦੇ ਹਨ ਕਿ ਬਲਜੀਤ ਦੇ ਆਉਣ ਨਾਲ ਉਸਦੇ ਬਾਗ ਵਿਚ ਸਦੀਵੀ ਬਹਾਰ ਆਈ ਹੈ | ਇਹ ਬਹਾਰ ਉਸਦੇ ਵਰਤਮਾਨ ,ਇਤਿਹਾਸ ਤੇ ਕੱਲ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ |
ਇਸੇ ਲਈ ਤਾਂ ਪ੍ਰਸਿੱਧ ਅੰਗਰੇਜ਼ੀ ਦੇ ਕਵੀ ਮੈਡਲੀਨ ਬਰਜਿਸ ਦੇ ਸ਼ਬਦ ਮੈਨੂੰ ਬਲਜੀਤ ਕੌਰ ਦੇਹਲ ਲਈ ਢੁਕਦੇ ਨਜ਼ਰ ਆਉਂਦੇ ਹਨ ਜਦੋਂ ਉਹ ਕਹਿੰਦਾ ਹੈ ਕਿ ” ਜੇ ਤੁਸੀਂ ਸੰਸਾਰ ਨੂੰ ਉਹ ਕੁਝ ਬੇਹਤਰੀਨ ਦੇਵੋਗੇ ਜੋ ਕੁਝ ਤੁਹਾਡੇ ਕੋਲ ਹੈ ਤਾਂ ਸੰਸਾਰ ਤਹਾਨੂੰ ਵੀ ਮੋੜਵਾਂ ਆਪਣਾ ਬੇਹਤਰੀਨ ਸਭ ਕੁਝ ਦੇਵੇਗਾ ” |
