ਟੀ-20 ਵਿਸ਼ਵ ਕੱਪ 2022 ਦੇ ਉਲਟਫੇਰਾਂ ਦੀ ਲੰਬੀ ਸੂਚੀ ਵਿੱਚ ਜ਼ਿੰਬਾਬਵੇ ਅਤੇ ਪਾਕਿਸਤਾਨ ਦਾ ਨਾਂ ਵੀ ਜੁੜ ਗਿਆ ਹੈ। ਸੁਪਰ-12 ਦੇ ਰੋਮਾਂਚਕ ਮੈਚ ‘ਚ ਜ਼ਿੰਬਾਬਵੇ ਨੇ ਆਪਣੀ ਘਾਤਕ ਗੇਂਦਬਾਜ਼ੀ ਦੇ ਦਮ ‘ਤੇ ਪਾਕਿਸਤਾਨ ਨੂੰ 130 ਦੌੜਾਂ ‘ਤੇ ਰੋਲ ਦਿੱਤਾ ਅਤੇ ਆਖਰੀ ਗੇਂਦ ਤੱਕ ਚੱਲੇ ਰੋਮਾਂਚਕ ਮੈਚ ‘ਚ 1 ਦੌੜਾਂ ਨਾਲ ਹਰਾ ਕੇ ਹੈਰਾਨੀਜਨਕ ਜਿੱਤ ਦਰਜ ਕੀਤੀ। ਇਸ ਹਾਰ ਦੇ ਨਾਲ ਪਾਕਿਸਤਾਨ ਲਈ ਸੈਮੀਫਾਈਨਲ ‘ਚ ਪਹੁੰਚਣਾ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਪਹਿਲੇ ਮੈਚ ‘ਚ ਉਸ ਨੂੰ ਭਾਰਤ ਹੱਥੋਂ ਹਾਰ ਮਿਲੀ ਸੀ।
ਪਾਕਿਸਤਾਨ ਦੇ ਸਾਹਮਣੇ ਟੀਚਾ ਵੱਡਾ ਨਹੀਂ ਸੀ ਪਰ ਲਗਾਤਾਰ ਦੂਜੇ ਮੈਚ ਵਿੱਚ ਟੀਮ ਦੇ ਕਪਤਾਨ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਦੀ ਸਲਾਮੀ ਜੋੜੀ ਫਲਾਪ ਰਹੀ। ਬਾਬਰ ਆਜ਼ਮ ਚੌਥੇ ਓਵਰ ਵਿੱਚ ਅਤੇ ਰਿਜ਼ਵਾਨ ਪੰਜਵੇਂ ਓਵਰ ਵਿੱਚ ਪੈਵੇਲੀਅਨ ਪਰਤ ਗਏ। ਉਸ ਸਮੇਂ ਪਾਕਿਸਤਾਨ ਦਾ ਸਕੋਰ ਸਿਰਫ਼ 23 ਦੌੜਾਂ ਸੀ। ਰਿਚਰਡ ਨਗਵਾਰਾ, ਬ੍ਰੈਡ ਇਵਾਨਸ ਅਤੇ ਬਲੇਸਿੰਗ ਮੁਜਰਬਾਨੀ ਦੀ ਤੇਜ਼ ਤਿਕੜੀ ਨੇ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਹੈਰਾਨ ਕਰ ਦਿੱਤਾ ਅਤੇ ਇਫਤਿਖਾਰ ਅਹਿਮਦ ਵੀ ਅੱਠਵੇਂ ਓਵਰ ਵਿੱਚ ਪੈਵੇਲੀਅਨ ਪਰਤ ਗਏ।
ਇਕ ਵਾਰ ਫਿਰ ਪਾਕਿਸਤਾਨ ਨੇ ਸ਼ਾਦਾਬ ਖਾਨ ਨੂੰ ਪ੍ਰਮੋਟ ਕੀਤਾ ਅਤੇ ਉਸ ਨੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਸਿਕੰਦਰ ਰਜ਼ਾ ਨੇ 14ਵੇਂ ਓਵਰ ‘ਚ ਮੈਚ ਦਾ ਰੁਖ ਪਲਟ ਦਿੱਤਾ। ਇਸ ਓਵਰ ‘ਚ ਸਿਕੰਦਰ ਨੇ ਲਗਾਤਾਰ ਗੇਂਦਾਂ ‘ਤੇ ਸ਼ਾਦਾਬ ਅਤੇ ਆਸਿਫ ਅਲੀ ਨੂੰ ਪੈਵੇਲੀਅਨ ਵਾਪਿਸ ਭੇਜ ਦਿੱਤਾ। ਇਸ ਤੋਂ ਬਾਅਦ 16ਵੇਂ ਓਵਰ ‘ਚ ਸਿਕੰਦਰ ਨੇ ਵਾਪਸੀ ਕਰਦੇ ਹੋਏ ਪਾਕਿਸਤਾਨ ਦੀ ਆਖਰੀ ਉਮੀਦ ਸ਼ਾਨ ਮਸੂਦ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਪਾਕਿਸਤਾਨੀ ਬੱਲੇਬਾਜ਼ੀ ਦਾ ਬੇੜਾ ਗਰਕ ਕਰ ਦਿੱਤਾ।