ਨਿਊਜ਼ੀਲੈਂਡ ‘ਚ ਹੁੰਦੀਆਂ ਚੋਰੀਆਂ ਜਿੱਥੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਉੱਥੇ ਹੀ ਇੰਨ੍ਹਾਂ ਚੋਰੀਆਂ ‘ਚ ਸ਼ਾਮਿਲ ਬੱਚਿਆਂ ਦੀ ਗਿਣਤੀ ਵੀ ਚਿੰਤਾ ਦਾ ਸਬੱਬ ਬਣੀ ਹੋਈ ਹੈ। ਤਾਜ਼ਾ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ। ਦਰਅਸਲ ਤਿੰਨ ਨੌਜਵਾਨਾਂ ‘ਤੇ ਕਥਿਤ ਤੌਰ ‘ਤੇ ਸਾਊਥ ਆਕਲੈਂਡ ਵੈਪ ਸਟੋਰ ਦੀ ਭੰਨਤੋੜ ਕਰਨ ਅਤੇ ਉੱਥੇ ਚੋਰੀ ਕਰਨ ਦੇ ਦੋਸ਼ ਲੱਗੇ ਹਨ। ਇਸ ਦੌਰਾਨ 1 11 ਸਾਲ ਦਾ ਬੱਚਾ ਵੀ ਚੋਰੀ ‘ਚ ਸ਼ਾਮਿਲ ਦੱਸਿਆ ਜ ਰਿਹਾ ਹੈ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਚਾਰ ਲੋਕਾਂ ਦੇ ਇੱਕ ਸਮੂਹ ਬਾਰੇ ਸੂਚਿਤ ਕੀਤਾ ਗਿਆ ਸੀ ਜਿਨ੍ਹਾਂ ਨੇ ਲਗਭਗ 1.25 ਵਜੇ ਪਾਪਾਟੋਏਟੋਏ ਦੀ ਸੇਂਟ ਜਾਰਜ ਸਟਰੀਟ ‘ਤੇ ਇੱਕ ਵੇਪ ਦੀ ਦੁਕਾਨ ਦੇ ਸ਼ੀਸ਼ੇ ਦੇ ਦਰਵਾਜ਼ੇ ਨੂੰ ਤੋੜਿਆ ਸੀ। ਕਾਉਂਟੀਜ਼ ਮਾਨੁਕਾਊ ਵੈਸਟ ਏਰੀਆ ਕਮਾਂਡਰ, ਇੰਸਪੈਕਟਰ ਰੌਸ ਏਲਵੁੱਡ ਨੇ ਕਿਹਾ ਕਿ ਨੌਜਵਾਨਾਂ ਨੇ ਕਈ ਚੀਜ਼ਾਂ ਚੋਰੀ ਕੀਤੀਆਂ ਸਨ। “ਉਸ ਸਮੇਂ ਲੰਘ ਰਹੇ ਇੱਕ ਗਵਾਹ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜੋ ਮਿੰਟਾਂ ਵਿੱਚ ਮੌਕੇ ‘ਤੇ ਪਹੁੰਚ ਗਈ ਅਤੇ ਨੌਜਵਾਨਾਂ ਨੂੰ ਸਟੋਰ ਦੇ ਨੇੜਿਓਂ ਹੀ ਲੱਭ ਲਿਆ।” ਏਲਵੁੱਡ ਨੇ ਕਿਹਾ ਕਿ ਚੋਰੀ ਹੋਈਆਂ ਜ਼ਿਆਦਾਤਰ ਚੀਜ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ 11, 13 ਅਤੇ 14 ਸਾਲ ਦੇ ਤਿੰਨ ਨੌਜਵਾਨਾਂ ਨੂੰ ਯੂਥ ਏਡ ਲਈ ਰੈਫਰ ਕੀਤਾ ਗਿਆ ਹੈ ਅਤੇ ਚੌਥੇ ਨੌਜਵਾਨ ਦੀ ਪਛਾਣ ਕਰਨ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।