ਨਿਊਜ਼ੀਲੈਂਡ ‘ਚ ਹੁੰਦੀਆਂ ਚੋਰੀਆਂ ਨੇ ਆਮ ਲੋਕਾਂ ਦੀ ਨੱਕ ‘ਚ ਦਮ ਕੀਤਾ ਹੋਇਆ ਹੈ। ਪਰ ਅਹਿਮ ਗੱਲ ਹੈ ਕਿ ਇੰਨ੍ਹਾਂ ਚੋਰੀਆਂ ‘ਚ 11 ਸਾਲ ਦੇ ਬੱਚੇ ਵੀ ਸ਼ਾਮਿਲ ਹਨ। ਤਾਜ਼ਾ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ। ਦਰਅਸਲ ਆਕਲੈਂਡ ਦੇ ਰੇਮੁਏਰਾ ਵਿੱਚ 11 ਤੋਂ 13 ਸਾਲ ਦੀ ਉਮਰ ਦੇ ਪੰਜ ਲੜਕੇ ਇੱਕ ਘਰ ਵਿੱਚ ਚੋਰੀ ਕਰਦੇ ਫੜੇ ਗਏ ਹਨ। ਪੁਲਿਸ ਨੇ ਦੱਸਿਆ ਕਿ ਜਦੋਂ ਜਾਇਦਾਦ ਮਾਲਕ ਘਰ ਦੇ ਅੰਦਰ ਪਹੁੰਚਿਆ ਤਾਂ ਸਾਰੇ ਪੰਜ ਨੌਜਵਾਨ ਉਸ ਸਮੇਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਰਹੇ ਸੀ ਜਦੋਂ ਮਾਲਕ ਨੇ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਹਮਲਾ ਕਰ ਦਿੱਤਾ।
ਸਾਰਜੈਂਟ ਡੇਵਿਡ ਮੇਅਸ ਨੇ ਕਿਹਾ ਕਿ ਪੁਲਿਸ ਨੂੰ ਬੀਤੀ ਰਾਤ ਕਰੀਬ 9 ਵਜੇ ਓਹੀਨਰੋ ਸੇਂਟ ‘ਤੇ ਮੌਕੇ ‘ਤੇ ਬੁਲਾਇਆ ਗਿਆ ਸੀ। ਇਸ ਮਗਰੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਕੁੱਝ ਸਮੇਂ ਬਾਅਦ ਪੁਲਿਸ ਨੇ ਪੰਜਾਂ ਨੂੰ ਹਿਰਾਸਤ ਵਿੱਚ ਲੈ ਲਿਆ। ਲੜਕਿਆਂ ਨੂੰ ਚੋਰੀ ਅਤੇ ਇਸ ਨਾਲ ਸਬੰਧਿਤ ਹਮਲੇ ਦੇ ਸਬੰਧ ਵਿੱਚ ਯੂਥ ਏਡ ਲਈ ਰੈਫਰ ਕੀਤਾ ਗਿਆ ਹੈ।