ਵਿਆਹ ਦੇ ਪਲ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦੇ ਸਭ ਤੋਂ ਖੁਸ਼ਹਾਲ ਪਲਾਂ ਵਿੱਚੋਂ ਇੱਕ ਹੁੰਦੇ ਹਨ। ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿਚ ਲੋਕਾਂ ਦੀਆਂ ਕਈ ਇੱਛਾਵਾਂ ਹੁੰਦੀਆਂ ਹਨ। ਪਰ ਕਦੇ-ਕਦੇ ਕੁਝ ਅਜਿਹਾ ਹੋ ਜਾਂਦਾ ਹੈ, ਜੋ ਸਾਰੀ ਉਮਰ ਦੁੱਖ ਦਿੰਦਾ ਹੈ। ਅਜਿਹਾ ਹੀ ਕੁਝ ਪੰਜਾਬ ਦੇ ਮੁਕਤਸਰ ‘ਚ ਹੋਇਆ ਹੈ। ਇੱਥੇ ਲਾੜੀ ਦਾ ਸੁਹਾਗ ਉਸ ਦੇ ਹੱਥੋਂ ਮਹਿੰਦੀ ਲੱਥਣ ਤੋਂ ਪਹਿਲਾਂ ਹੀ ਉੱਜੜ ਗਿਆ। ਜਿਸ ਘਰ ਦੋ ਦਿਨ ਪਹਿਲਾਂ ਵਿਆਹ ਦੀਆਂ ਖੁਸ਼ੀਆਂ ਸਨ, ਹੁਣ ਉਸ ਘਰ ਵਿੱਚ ਸੋਗ ਹੈ। ਸਭ ਦਾ ਰੋ-ਰੋ ਕਿ ਬੁਰਾ ਹਾਲ ਹੈ। ਦਰਅਸਲ ਬਠਿੰਡਾ ਜ਼ਿਲ੍ਹੇ ਦੇ ਭਿਸੀਆਣਾ ਨੇੜੇ ਹੋਏ ਸੜਕ ਹਾਦਸੇ ਵਿੱਚ ਮੁਕਤਸਰ ਦੇ ਪਿੰਡ ਕੋਟਭਾਈ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦਾ ਦੋ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਹਾਦਸੇ ਦੀ ਖਬਰ ਜਿਵੇਂ ਹੀ ਘਰ ਪਹੁੰਚੀ ਤਾਂ ਪੂਰੇ ਪਰਿਵਾਰ ‘ਚ ਮਾਤਮ ਛਾ ਗਿਆ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਨੌਜਵਾਨ ਆਪਣੀ ਸ਼ੇਰਵਾਨੀ ਵਾਪਸ ਕਰਨ ਲਈ ਬਠਿੰਡਾ ਗਿਆ ਸੀ। ਇਹ ਹਾਦਸਾ ਪਿੰਡ ਪਰਤਦੇ ਸਮੇਂ ਵਾਪਰਿਆ ਸੀ। ਰਿਪੋਰਟਾਂ ਅਨੁਸਾਰ ਨੌਜਵਾਨ ਦੇ ਪਿਤਾ ਦੀ 2021 ਵਿੱਚ ਮੌਤ ਹੋ ਗਈ ਸੀ ਅਤੇ ਪਿਤਾ ਦੀ ਥਾਂ ’ਤੇ ਨੌਜਵਾਨ ਨੂੰ ਪਟਵਾਰੀ ਦੀ ਨੌਕਰੀ ਮਿਲੀ ਸੀ।