ਨਿਊਜ਼ੀਲੈਂਡ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਮੱਧ-ਕ੍ਰਮ ਦੇ ਬੱਲੇਬਾਜ਼ ਰੌਸ ਟੇਲਰ ਦਾ ਮੰਨਣਾ ਹੈ ਕਿ ਵਰਲਡ ਟੈਸਟ ਚੈਂਪੀਅਨਸ਼ਿਪ (WTC) ਦੇ ਖਿਤਾਬ ਨੇ ਦੋ ਸਾਲ ਪਹਿਲਾਂ ਵਨਡੇ ਵਰਲਡ ਕੱਪ ਦੀ ਨਿਰਾਸ਼ਾ ਨੂੰ ਵੱਡੇ ਪੱਧਰ ‘ਤੇ ਦੂਰ ਕਰ ਦਿੱਤਾ ਹੈ। ਦੱਸ ਦੇਈਏ ਕਿ ਕੀਵੀ ਟੀਮ ਸਾਲ 2019 ਦੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਸੀ, ਪਰ ਖ਼ਿਤਾਬੀ ਮੈਚ ਅਤੇ ਫਿਰ ਸੁਪਰ ਓਵਰ ਟਾਈ ਹੋਣ ਦੇ ਬਾਅਦ ਨਿਊਜ਼ੀਲੈਂਡ ਨੂੰ ਬਾਉਂਡਰੀ ਨਿਯਮ ਤਹਿਤ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੌਸ ਟੇਲਰ ਨੇ ਵਰਚੁਅਲ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਮੇਰੇ ਕੈਰੀਅਰ ਦੇ ਸ਼ੁਰੂ ‘ਚ ਕੁੱਝ ਉਤਰਾਅ-ਚੜਾਅ ਆਏ ਸੀ। ਸਾਡੀ ਟੀਮ ਵਿੱਚ ਉਸ ਸਮੇਂ ਇਕਸਾਰਤਾ ਦੀ ਘਾਟ ਸੀ, ਪਰ ਟੀਮ ਨੇ ਸਾਲਾਂ ਦੌਰਾਨ ਨਿਰੰਤਰ ਚੰਗਾ ਪ੍ਰਦਰਸ਼ਨ ਕੀਤਾ ਹੈ। ਵਿਸ਼ਵ ਕੱਪ 2019 ਦੀ ਨਿਰਾਸ਼ਾ ਤੋਂ ਬਾਅਦ WTC ਦਾ ਖਿਤਾਬ ਨਿਸ਼ਚਤ ਤੌਰ ਤੇ ਇੱਕ ਵੱਡੀ ਪ੍ਰਾਪਤੀ ਹੈ, ਅਤੇ ਸੰਭਵ ਹੈ ਕਿ WTC ਨੇ ਵਿਸ਼ਵ ਕੱਪ ਦੀ ਭਰਪਾਈ ਵੀ ਕਰ ਦਿੱਤੀ ਹੈ।”
ਰੌਸ ਟੇਲਰ ਅਤੇ ਕਪਤਾਨ ਕੇਨ ਵਿਲੀਅਮਸਨ ਦੀਆਂ ਅਜੇਤੂ ਪਾਰੀਆਂ ਨੇ ਨਿਊਜ਼ੀਲੈਂਡ ਨੂੰ ਫਾਈਨਲ ਵਿੱਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਿਚ ਸਹਾਇਤਾ ਕੀਤੀ। ਟੇਲਰ ਨੇ ਜੇਤੂ ਰਨ ਬਣਾਇਆ ਅਤੇ ਫਿਰ ਉਹ ਪਲ ਆਇਆ ਜਿਸ ਨੂੰ ਉਹ ਕਦੇ ਨਹੀਂ ਭੁੱਲੇਗਾ। ਨਿਊਜ਼ੀਲੈਂਡ ਲਈ ਅੰਤਰਰਾਸ਼ਟਰੀ ਕ੍ਰਿਕਟ ‘ਚ 18,000 ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਨੇ ਕਿਹਾ, “ਇੱਕ ਵਾਰ ਜੇਤੂ ਰਨ ਬਣਾਉਣ ਤੋਂ ਬਾਅਦ ਵਿਲੀਅਮਸਨ ਨਾਲ ਵਾਪਸੀ ਅਤੇ ਬਾਅਦ ਵਿੱਚ ਹੋਏ ਵਿਚਾਰ-ਵਟਾਂਦਰੇ ਅਜਿਹੀਆਂ ਗੱਲਾਂ ਹਨ ਜੋ ਮੈਂ ਕਦੇ ਨਹੀਂ ਭੁੱਲਾਂਗਾ। ਜਦੋਂ ਮੈ ਬੱਲੇਬਾਜ਼ੀ ਲਈ ਉੱਤਰਿਆ ਸੀ ਓਦੋਂ ਸਿਥਿਤੀ ਮੁਸ਼ਕਿਲ ਸੀ। ਅਸੀਂ ਉਸ ਮੁਸ਼ਕਿਲ ਸਮੇ ਵਿੱਚ ਬੱਲੇਬਾਜ਼ੀ ਕੀਤੀ ਅਤੇ ਕੇਨ ਸਾਡੇ ਦੇਸ਼ ਦਾ ਇੱਕ ਮਹਾਨ ਕਪਤਾਨ ਅਤੇ ਖੇਡ ਦਾ ਦੂਤ ਹੈ।”
ਟੇਲਰ ਨੇ ਅੱਗੇ ਕਿਹਾ, “ਉਹ ਉਸ ਸਮੇਂ ਉਥੇ ਸੀ ਅਤੇ ਉਸ ਆਖਰੀ ਗੇਂਦ ਤੋਂ ਪਹਿਲਾਂ ਉਸ ਨੇ ਮੈਨੂੰ ਵੇਖਦਿਆਂ ਘੂਰਿਆ ਅਤੇ ਕਿਹਾ ਕਿ ਜਲਦੀ ਕਰੋ ਅਤੇ ਇਸ ਨੂੰ ਖਤਮ ਕਰੋ ਤਾਂ ਕਿ ਉਸਨੂੰ ਅਜਿਹਾ ਨਾ ਕਰਨਾ ਪਾਏ। ਇਸ ਲਈ ਚੌਕਾ ਲਗਾਉਣਾ ਅਤੇ ਜਿੱਤ ਦਾ ਜਸ਼ਨ ਮਨਾਉਣਾ ਬਹੁਤ ਸ਼ਾਨਦਾਰ ਸੀ।”