ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦਾ ਪਹਿਲਾ ਦਿਨ ਮੀਂਹ ਦੀ ਭੇਟ ਚੜ੍ਹ ਗਿਆ ਹੈ। ਸਾਉਥੈਮਪਟਨ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਮੈਚ ਸ਼ੁਰੂ ਨਹੀਂ ਹੋ ਸਕਿਆ। ਅੰਪਾਇਰ ਬਾਰਿਸ਼ ਦੇ ਰੁਕਣ ਦਾ ਇੰਤਜ਼ਾਰ ਕਰਦੇ ਰਹੇ, ਪਰ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ ਸੀ। ਗਿੱਲੀ ਆਊਟਫੀਲਡ ਅਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਅੰਪਾਇਰਾਂ ਨੇ ਪਹਿਲੇ ਦਿਨ ਦਾ ਖੇਡ ਰੱਦ ਕਰਨ ਦਾ ਫੈਸਲਾ ਕੀਤਾ।
ਹਾਲਾਂਕਿ ਅੱਜ ਬਾਰਿਸ਼ ਕਾਰਨ ਭਾਵੇ ਇੱਕ ਵੀ ਗੇਂਦ ਦੀ ਖੇਡ ਨਹੀਂ ਖੇਡੀ ਗਈ, ਪਰ ਫਿਰ ਵੀ ਇਹ ਮੈਚ ਕੱਲ ਤੋਂ ਪੰਜ ਦਿਨਾਂ ਲਈ ਖੇਡਿਆ ਜਾਵੇਗਾ। ਦਰਅਸਲ, ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਇਸ ਇਤਿਹਾਸਕ ਮੈਚ ਲਈ ਰਿਜ਼ਰਵ ਡੇਅ ਰੱਖਿਆ ਸੀ। ਅਜਿਹੀ ਸਥਿਤੀ ਵਿੱਚ, ਪਹਿਲੇ ਦਿਨ ਦੀ ਖੇਡ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਵੀ, ਇਹ ਮੈਚ ਭਲਕੇ ਤੋਂ ਪੰਜ ਦਿਨਾਂ ਲਈ ਖੇਡਿਆ ਜਾਵੇਗਾ। ਦਿਨ ਭਰ ਮੀਂਹ ਪੈਣ ਕਾਰਨ ਅੱਜ ਮੈਚ ਲਈ ਟਾਸ ਵੀ ਨਹੀਂ ਹੋ ਸਕੀ। ਅਜਿਹੀ ਸਥਿਤੀ ਵਿੱਚ ਟਾਸ ਵੀ ਹੁਣ ਕੱਲ੍ਹ ਨੂੰ ਹੀ ਹੋਵੇਗੀ।
ਲੱਗਭਗ ਦੋ ਸਾਲਾਂ ਦੇ ਲੰਬੇ ਸਫਰ ਤੋਂ ਬਾਅਦ, ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਇਸ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋਈਆਂ ਹਨ। ਵਰਲਡ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਵੈਸਟਇੰਡੀਜ਼, ਦੱਖਣੀ ਅਫਰੀਕਾ, ਬੰਗਲਾਦੇਸ਼, ਆਸਟ੍ਰੇਲੀਆ ਅਤੇ ਇੰਗਲੈਂਡ ਨੂੰ ਹਰਾਇਆ ਹੈ, ਜਦਕਿ ਨਿਊਜ਼ੀਲੈਂਡ ਨੇ ਭਾਰਤ, ਪਾਕਿਸਤਾਨ ਅਤੇ ਵਿੰਡੀਜ਼ ਨੂੰ ਹਰਾ ਕੇ ਫਾਈਨਲ ਟਿਕਟ ਜਿੱਤੀ ਹੈ।