WPL 2023 ਦੀ ਨਿਲਾਮੀ ‘ਚ ਦੇਸ਼ ਦੀਆਂ ਮਹਿਲਾ ਕ੍ਰਿਕਟਰਾਂ ਦੀ ਕਿਸਮਤ ਖੁੱਲ੍ਹੀ ਹੈ। ਮੰਧਾਨਾ, ਹਰਮਨਪ੍ਰੀਤ ਕੌਰ, ਦੀਪਤੀ ਸ਼ਰਮਾ ਵਰਗੀਆਂ ਦਿੱਗਜਾਂ ‘ਤੇ ਕਰੋੜਾਂ ਦੀ ਵਰਖਾ ਹੋਈ
ਹੈ, ਉਥੇ ਹੀ ਪੰਜਾਬ ਦੀ ਕ੍ਰਿਕਟਰ ਅਮਨਜੋਤ ਕੌਰ ਨੂੰ ਵੀ ਵੱਡੀ ਕੀਮਤ ਮਿਲੀ ਹੈ। ਵਿਸਫੋਟਕ ਬੱਲੇਬਾਜ਼ੀ ਤੋਂ ਇਲਾਵਾ ਅਮਨਜੋਤ ਕੌਰ ਗੇਂਦਬਾਜ਼ੀ ਵੀ ਕਰਦੀ ਹੈ ਅਤੇ ਇਸ ਖਿਡਾਰਨ ਨੂੰ ਮੁੰਬਈ ਇੰਡੀਅਨਜ਼ ਨੇ 50 ਲੱਖ ‘ਚ ਖਰੀਦਿਆ ਸੀ। ਟੀਮ ਇੰਡੀਆ ‘ਚ ਅਮਨਜੋਤ ਕੌਰ ਨੂੰ ਸਿਰਫ ਇੱਕ ਵਾਰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਸ ਮੈਚ ‘ਚ ਇਸ ਖਿਡਾਰਨ ਨੇ 41 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ ਅਤੇ ਪਲੇਅਰ ਆਫ ਦਿ ਮੈਚ ਦਾ ਐਵਾਰਡ ਵੀ ਹਾਸਿਲ ਕੀਤਾ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸਿਰਫ਼ ਇੱਕ ਪਾਰੀ ਖੇਡਣ ਵਾਲੇ ਬੱਲੇਬਾਜ਼ ਨੂੰ 50 ਲੱਖ ਰੁਪਏ ਕਿਵੇਂ ਮਿਲੇ।
ਅਮਨਜੋਤ ਕੌਰ ‘ਤੇ ਇੰਨੀ ਵੱਡੀ ਰਕਮ ਖਰਚ ਕਰਨ ਦਾ ਕਾਰਨ ਉਸ ਦੀ ਬੱਲੇਬਾਜ਼ੀ ਹੈ। ਇਹ ਖੀਰਾਂ ਤੇਜ਼ ਬੱਲੇਬਾਜ਼ੀ ਕਰ ਸਕਦੀ ਹੈ। ਅਮਨਜੋਤ ਕੋਲ ਲੰਬੇ ਛੱਕੇ ਮਾਰਨ ਦੀ ਤਾਕਤ ਹੈ।ਉਹ ਮੁੰਬਈ ਲਈ ਫਿਨਿਸ਼ਰ ਦੀ ਭੂਮਿਕਾ ਨਿਭਾ ਸਕਦੀ ਹੈ। ਵੈਸੇ ਤਾਂ ਅਮਨਜੋਤ ਕੌਰ ਦੀ ਕਹਾਣੀ ਦਿਲਚਸਪ ਹੈ। ਇਹ ਕਿਸੇ ਫਿਲਮ ਦੀ ਸਕ੍ਰਿਪਟ ਤੋਂ ਘੱਟ ਨਹੀਂ ਹੈ। ਅਮਨਜੋਤ ਕੌਰ ਨੇ ਸਿਰਫ਼ 15 ਸਾਲ ਦੀ ਉਮਰ ਵਿੱਚ ਹੀ ਕ੍ਰਿਕਟ ਅਕੈਡਮੀ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਨੂੰ ਕ੍ਰਿਕਟਰ ਬਣਾਉਣ ਵਿੱਚ ਉਸ ਦੇ ਪਿਤਾ ਭੁਪਿੰਦਰ ਸਿੰਘ ਦਾ ਵੱਡਾ ਯੋਗਦਾਨ ਹੈ। ਭੁਪਿੰਦਰ ਸਿੰਘ ਕਾਰਪੇਂਟਰ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਹੀ ਆਪਣੀ ਧੀ ਨੂੰ ਕ੍ਰਿਕਟ ਅਕੈਡਮੀ ਵਿੱਚ ਦਾਖਲ ਕਰਵਾਇਆ ਸੀ। ਭੁਪਿੰਦਰ ਸਿੰਘ ਮੋਹਾਲੀ ਰਹਿੰਦੇ ਸੀ ਅਤੇ ਆਪਣੀ ਧੀ ਨੂੰ ਉਚਿਤ ਸਿਖਲਾਈ ਦੇਣ ਲਈ ਚੰਡੀਗੜ੍ਹ ਸ਼ਿਫਟ ਹੋ ਗਏ ਸੀ। ਇੰਨਾ ਹੀ ਨਹੀਂ ਉਹ ਆਪਣੀ ਬੇਟੀ ਨੂੰ ਅਕੈਡਮੀ ਵੀ ਲੈ ਕੇ ਜਾਂਦੇ ਸੀ। ਆਪਣੀ ਧੀ ਨੂੰ ਕ੍ਰਿਕਟਰ ਬਣਾਉਣ ਦੀ ਪ੍ਰਕਿਰਿਆ ਵਿੱਚ ਭੁਪਿੰਦਰ ਸਿੰਘ ਦਾ ਕੰਮ ਪ੍ਰਭਾਵਿਤ ਹੋਇਆ, ਪਰ ਉਹ ਪਿੱਛੇ ਨਹੀਂ ਹਟੇ।
ਅਮਨਜੋਤ ਦੇ ਪਿਤਾ ਨੇ ਆਪਣੀ ਬੇਟੀ ਦੀ ਕਾਮਯਾਬੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ, ‘ਅਮਨਜੋਤ ਅਤੇ ਉਸ ਦੇ ਪਰਿਵਾਰ ਲਈ ਇਹ ਮਾਣ ਵਾਲਾ ਦਿਨ ਹੈ। ਉਹ ਕੁਝ ਵੱਖਰਾ ਕਰਨਾ ਚਾਹੁੰਦੀ ਸੀ। ਉਸ ਨੂੰ ਕ੍ਰਿਕਟ ਖੇਡਣਾ ਪਸੰਦ ਸੀ ਅਤੇ ਮੈਂ ਉਸ ਦੇ ਸੁਪਨਿਆਂ ਨੂੰ ਜਿਉਣ ਦਿੱਤਾ। ਉਹ ਸਾਨੂੰ ਆਪਣੀ ਸੱਟ ਬਾਰੇ ਕਦੇ ਨਹੀਂ ਦੱਸਦੀ ਸੀ। ਉਹ ਸੋਚਦੀ ਸੀ ਕਿ ਜੇ ਮਾਂ ਨੂੰ ਪਤਾ ਲੱਗ ਗਿਆ ਤਾਂ ਉਹ ਦੁਖੀ ਹੋਵੇਗੀ।