ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ ਨੇ ਦੁਨੀਆ ਦੇ ਸਭ ਤੋਂ ਵਧੀਆ ਹਵਾਈ ਅੱਡੇ ਵਜੋਂ ਆਪਣਾ ਖਿਤਾਬ ਮੁੜ ਹਾਸਿਲ ਕਰ ਲਿਆ ਹੈ। ਕੋਰੋਨਾ ਮਹਾਮਾਰੀ ਦੌਰਾਨ ਇਹ ਖਿਤਾਬ ਪਿਛਲੇ 2 ਸਾਲਾਂ ਤੋਂ ਕਤਰ ਦੇ ਕੋਲ ਸੀ। ਹਾਲਾਂਕਿ ਹੁਣ ਇੱਕ ਵਾਰ ਫਿਰ ਇਸ ਹਵਾਈ ਅੱਡੇ ਨੂੰ ਦੁਨੀਆ ਦੇ ਸਭ ਤੋਂ ਵਧੀਆ ਹਵਾਈ ਅੱਡੇ ਵਜੋਂ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਇਸ ਸੂਚੀ ‘ਚ ਦੂਜਾ ਨਾਂ ਦੋਹਾ ਦੇ ਹਮਦ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਅਤੇ ਤੀਜਾ ਸਥਾਨ ਟੋਕੀਓ ਦੇ ਹਨੇਦਾ ਹਵਾਈ ਅੱਡੇ ਨੂੰ ਦਿੱਤਾ ਗਿਆ ਹੈ। ਹਾਲਾਂਕਿ ਇਸ ਸੂਚੀ ‘ਚ ਚੋਟੀ ਦੇ 10 ਦੇਸ਼ਾਂ ‘ਚ ਅਮਰੀਕਾ ਦਾ ਨਾਂ ਵੀ ਸ਼ਾਮਿਲ ਨਹੀਂ ਹੈ।
ਦੂਜੇ ਪਾਸੇ ਭਾਰਤ ਦਾ ਇੱਕ ਵੀ ਹਵਾਈ ਅੱਡਾ ਟਾਪ 20 ਵਿੱਚ ਸ਼ਾਮਿਲ ਨਹੀਂ ਹੈ। 100 ਹਵਾਈ ਅੱਡਿਆਂ ਦੀ ਸੂਚੀ ‘ਚ ਰਾਜਧਾਨੀ ਦਿੱਲੀ ਦਾ ਹਵਾਈ ਅੱਡਾ ਇਸ ਸੂਚੀ ‘ਚ 36ਵੇਂ ਸਥਾਨ ‘ਤੇ ਹੈ ਜਦਕਿ ਬੈਂਗਲੁਰੂ 69ਵੇਂ ਸਥਾਨ ‘ਤੇ ਹੈ। ਇਸ ਤੋਂ ਇਲਾਵਾ ਮੁੰਬਈ 84ਵੇਂ ਸਥਾਨ ‘ਤੇ ਹੈ। ਇਨ੍ਹਾਂ ਤਿੰਨਾਂ ਤੋਂ ਇਲਾਵਾ ਭਾਰਤ ਦਾ ਕੋਈ ਹੋਰ ਹਵਾਈ ਅੱਡਾ ਇਸ ਸੂਚੀ ਵਿੱਚ ਸ਼ਾਮਿਲ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਘੋਸ਼ਣਾ ਯੂਕੇ ਸਥਿਤ ਸਕਾਈਟਰੈਕਸ ਦੁਆਰਾ ਕੀਤੀ ਗਈ ਹੈ। Skytrax ਦੁਨੀਆ ਭਰ ਦੇ ਯਾਤਰੀਆਂ ਤੋਂ ਲਏ ਗਏ ਸਰਵੇਖਣ ਰਿਪੋਰਟਾਂ ਨੂੰ ਇਕੱਠਾ ਕਰਕੇ ਏਅਰਲਾਈਨਾਂ ਅਤੇ ਹਵਾਈ ਅੱਡਿਆਂ ਨੂੰ ਦਰਜਾ ਦਿੰਦਾ ਹੈ। ਇਸ ਮੁਤਾਬਿਕ ਦੱਖਣੀ ਕੋਰੀਆ ਦੇ ਇੰਚੀਓਨ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਚੌਥਾ ਸਰਵੋਤਮ ਹਵਾਈ ਅੱਡਾ ਚੁਣਿਆ ਗਿਆ ਹੈ। ਇਸ ਤੋਂ ਬਾਅਦ ਪੈਰਿਸ ਦਾ ਚਾਰਲਸ ਡੀ ਗੌਲ ਅੰਤਰਰਾਸ਼ਟਰੀ ਹਵਾਈ ਅੱਡਾ ਪੰਜਵੇਂ ਸਥਾਨ ‘ਤੇ ਹੈ। ਸੀਏਟਲ-ਟੈਕੋਮਾ ਅੰਤਰਰਾਸ਼ਟਰੀ ਹਵਾਈ ਅੱਡਾ ਚੋਟੀ ਦਾ ਦਰਜਾ ਪ੍ਰਾਪਤ ਉੱਤਰੀ ਅਮਰੀਕਾ ਦਾ ਹਵਾਈ ਅੱਡਾ ਸੀ, ਜੋ ਇਸ ਸਾਲ 18ਵੇਂ ਸਥਾਨ ‘ਤੇ ਸੀ, ਹਾਲਾਂਕਿ ਪਿਛਲੇ ਸਾਲ ਇਹ 27ਵੇਂ ਸਥਾਨ ‘ਤੇ ਸੀ।