ਜਦੋਂ ਵੈਸਟਇੰਡੀਜ਼ ਦੀ ਟੀਮ ਜ਼ਿੰਬਾਬਵੇ ਦੀ ਧਰਤੀ ‘ਤੇ ਵਨਡੇ ਵਿਸ਼ਵ ਕੱਪ 2023 ਦਾ ਕੁਆਲੀਫਾਇਰ ਖੇਡਣ ਪਹੁੰਚੀ ਸੀ ਤਾਂ ਉਸ ਦੇ ਸਹਾਇਕ ਕੋਚ ਕਾਰਲ ਹੂਪਰ ਨੇ ਕਿਹਾ ਸੀ ਕਿ ਹੁਣ ਇਸ ਤੋਂ ਮਾੜਾ ਕੀ ਹੋਵੇਗਾ? ਕੋਚ ਦੇ ਇਸ ਤਰ੍ਹਾਂ ਸੋਚਣ ਦੇ 10 ਦਿਨਾਂ ਦੇ ਅੰਦਰ-ਅੰਦਰ ਜਵਾਬ ਮਿਲ ਗਿਆ ਹੈ। 2 ਵਾਰ ਦੀ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਵਨਡੇ ਵਿਸ਼ਵ ਕੱਪ 2023 ‘ਚ ਖੇਡਣ ਦੀ ਦੌੜ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ। ਮਤਲਬ ਆਪਣੀ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਕੋਚ ਦਾ ਡਰ ਹੁਣ ਸੱਚਾਈ ਦਾ ਰੂਪ ਲੈਂਦਾ ਨਜ਼ਰ ਆ ਰਿਹਾ ਹੈ।
ਜਦੋਂ ਵੈਸਟਇੰਡੀਜ਼ ਦੀ ਟੀਮ ਜ਼ਿੰਬਾਬਵੇ ਤੋਂ ਹਾਰੀ ਸੀ ਤਾਂ ਵੀ ਉਮੀਦ ਸੀ। ਪਰ ਨੀਦਰਲੈਂਡ ਤੋਂ ਮਿਲੀ ਹਾਰ ਨੇ ਉਨ੍ਹਾਂ ਦੀਆਂ ਬਾਕੀ ਉਮੀਦਾਂ ‘ਤੇ ਵੀ ਪਾਣੀ ਫੇਰ ਦਿੱਤਾ ਹੈ। ਨੀਦਰਲੈਂਡ ਤੋਂ ਹਾਰ ਕੇ ਵੀ ਵੈਸਟਇੰਡੀਜ਼ ਦੀ ਟੀਮ ਸੁਪਰ ਸਿਕਸ ‘ਚ ਪਹੁੰਚ ਗਈ ਹੈ। ਪਰ ਉਸ ਦੇ ਖਾਤੇ ਵਿੱਚ ਜ਼ੀਰੋ ਅੰਕ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉਸ ਨੇ ਆਪਣੇ ਗਰੁੱਪ ਤੋਂ ਸੁਪਰ ਸਿਕਸ ਤੱਕ ਪਹੁੰਚਣ ਵਾਲੇ ਜ਼ਿੰਬਾਬਵੇ ਅਤੇ ਨੀਦਰਲੈਂਡ ਦੇ ਖਿਲਾਫ ਜਿੱਤ ਹਾਸਿਲ ਨਹੀਂ ਕੀਤੀ ਹੈ।
ਦੂਜੇ ਗਰੁੱਪ ਵਿੱਚੋਂ ਸੁਪਰ ਸਿਕਸ ਵਿੱਚ ਪਹੁੰਚਣ ਵਾਲੀਆਂ ਟੀਮਾਂ ਸ੍ਰੀਲੰਕਾ, ਸਕਾਟਲੈਂਡ ਅਤੇ ਓਮਾਨ ਹਨ। ਹੁਣ ਜੇਕਰ ਵੈਸਟਇੰਡੀਜ਼ ਦੀ ਟੀਮ ਇਨ੍ਹਾਂ ਤਿੰਨਾਂ ਨੂੰ ਸੁਪਰ ਸਿਕਸ ‘ਚ ਹਰਾ ਦਿੰਦੀ ਹੈ ਤਾਂ ਵੀ ਉਸ ਦੇ ਸਿਰਫ 6 ਅੰਕ ਰਹਿਣਗੇ। ਦੂਜੇ ਪਾਸੇ ਜ਼ਿੰਬਾਬਵੇ 4 ਅੰਕਾਂ ਨਾਲ ਸੁਪਰ ਸਿਕਸ ‘ਚ ਪਹੁੰਚਿਆ ਹੈ, ਜੇਕਰ ਉਹ ਤਿੰਨ ‘ਚੋਂ 2 ਸੁਪਰ ਸਿਕਸ ਮੈਚ ਜਿੱਤ ਲੈਂਦਾ ਹੈ ਤਾਂ ਵੀ ਉਹ ਵਿਸ਼ਵ ਕੱਪ ਕੁਆਲੀਫਾਇਰ ਦੇ ਫਾਈਨਲ ‘ਚ ਪਹੁੰਚ ਜਾਵੇਗਾ। ਮਤਲਬ ਵੈਸਟਇੰਡੀਜ਼ ਨੂੰ ਵਿਸ਼ਵ ਕੱਪ ਤੋਂ ਬਾਹਰ ਹੋਣਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਸੁਪਰ ਸਿਕਸ ਵਿੱਚੋਂ ਸਿਰਫ਼ ਦੋ ਚੋਟੀ ਦੀਆਂ ਟੀਮਾਂ ਹੀ ਫਾਈਨਲ ਵਿੱਚ ਪੁੱਜਣਗੀਆਂ ਅਤੇ ਸਿਰਫ਼ ਉਨ੍ਹਾਂ ਨੂੰ ਹੀ ਭਾਰਤ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਵਿੱਚ ਖੇਡਣ ਦੀ ਟਿਕਟ ਮਿਲੇਗੀ।
2 ਵਾਰ ਦੀ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਇਸ ਸਾਲ ਵਨਡੇ ਵਿਸ਼ਵ ਕੱਪ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ ਤਾਂ ਪਿਛਲੇ ਸਾਲ ਉਹ ਟੀ-20 ਵਿਸ਼ਵ ਕੱਪ ਤੋਂ ਵੀ ਬਾਹਰ ਹੋ ਗਈ ਸੀ। ਓਦੋਂ ਆਸਟਰੇਲੀਆ ਵਿੱਚ ਹੋਏ ਟੀ-20 ਵਿਸ਼ਵ ਕੱਪ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ ਕਿਉਂਕਿ ਸਕਾਟਲੈਂਡ ਅਤੇ ਆਇਰਲੈਂਡ ਨੇ ਗਰੁੱਪ ਪੜਾਅ ਵਿੱਚ ਵੈਸਟਇੰਡੀਜ਼
ਦੀ ਖੇਡ ਖਰਾਬ ਕਰ ਦਿੱਤੀ ਸੀ। ਵਨਡੇ ਵਿਸ਼ਵ ਕੱਪ ਦੇ ਕੁਆਲੀਫਾਇਰ ‘ਚ ਜ਼ਿੰਬਾਬਵੇ ਅਤੇ ਨੀਦਰਲੈਂਡ ਵੈਸਟਇੰਡੀਜ਼ ਦੇ ਗਲੇ ਦੀ ਹੱਡੀ ਬਣ ਗਏ ਹਨ।