ਇਸ ਸਾਲ ਮਹਿਲਾ IPL (WIPL) ਦਾ ਪਹਿਲਾ ਸੀਜ਼ਨ ਖੇਡਿਆ ਜਾਵੇਗਾ। ਇਸ ਦੇ ਲਈ ਟੀਮਾਂ ਦੀ ਚੋਣ ਕਰ ਲਈ ਗਈ ਹੈ ਅਤੇ ਹੁਣ ਖਿਡਾਰੀਆਂ ਦੀ ਨਿਲਾਮੀ ਹੋਣੀ ਬਾਕੀ ਹੈ। ਇੱਕ ਰਿਪੋਰਟ ਦੇ ਅਨੁਸਾਰ, ਮੁੰਬਈ ਦਾ ਜੀਓ ਵਰਲਡ ਕਨਵੈਨਸ਼ਨ ਸੈਂਟਰ 13 ਫਰਵਰੀ ਨੂੰ ਮਹਿਲਾ ਪ੍ਰੀਮੀਅਰ ਲੀਗ ਦੀ ਪਹਿਲੀ ਨਿਲਾਮੀ ਦੀ ਮੇਜ਼ਬਾਨੀ ਕਰਨ ਲਈ ਲਗਭਗ ਤਿਆਰ ਹੈ। ਜੀਓ ਵਰਲਡ ਕਨਵੈਨਸ਼ਨ ਸੈਂਟਰ ਬਾਂਦਰਾ-ਕੁਰਲਾ ਕੰਪਲੈਕਸ ਵਿੱਚ ਸਥਿਤ ਹੈ। ਇਹ ਬਹੁਤ ਵੱਡੀ ਇਮਾਰਤ ਹੈ, ਇੱਥੇ ਇੱਕੋ ਸਮੇਂ ਕਈ ਪ੍ਰੋਗਰਾਮ ਹੋ ਸਕਦੇ ਹਨ।
ਇਸ ਤੋਂ ਪਹਿਲਾਂ ਕ੍ਰਿਕਬਜ਼ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ, ਬੀਸੀਸੀਆਈ ਨੇ ਤਾਰੀਖ ਅਤੇ ਸਥਾਨ ਬਾਰੇ ਫੈਸਲਾ ਕਰਨ ਤੋਂ ਪਹਿਲਾਂ ਕੁਝ ਮੁੱਖ ਮੁੱਦਿਆਂ ਨੂੰ ਧਿਆਨ ਵਿੱਚ ਰੱਖਣਾ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਸੀ ਚੱਲ ਰਹੇ ਵਿਆਹ ਦੇ ਸੀਜ਼ਨ ਕਾਰਨ ਜਗ੍ਹਾ ਦੀ ਘਾਟ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਬੋਰਡ ਪ੍ਰਬੰਧਕ ਕੇਂਦਰ ਵਿੱਚ ਨਿਲਾਮੀ ਕਰਵਾਉਣ ਦੇ ਵਿਕਲਪ ‘ਤੇ ਵਿਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ਆਈਪੀਐਲ ਦੇ ਅੰਦਰਲੇ ਇੱਕ ਸੂਤਰ ਨੇ ਦੱਸਿਆ ਕਿ ਕਨਵੈਨਸ਼ਨ ਸੈਂਟਰ ਨਿਲਾਮੀ ਦਾ ਸਥਾਨ ਹੋਵੇਗਾ।
ਅੰਤਰਰਾਸ਼ਟਰੀ T20 ਲੀਗ (ILT20) ਵਿੱਚ ਭਾਗ ਲੈਣ ਵਾਲੀਆਂ ਟੀਮਾਂ ਸਮੇਤ ਕੁੱਝ IPL ਫ੍ਰੈਂਚਾਇਜ਼ੀ ਦੀਆਂ ਬੇਨਤੀਆਂ ਤੋਂ ਬਾਅਦ ਮਿਤੀ 13 ਫਰਵਰੀ ਦੀ ਚੋਣ ਕੀਤੀ ਗਈ ਹੈ। ਇਹ ਟੀਮਾਂ 12 ਫਰਵਰੀ ਨੂੰ ਅੰਤਰਰਾਸ਼ਟਰੀ ਟੀ-20 ਲੀਗ ਦੇ ਫਾਈਨਲ ਤੋਂ ਬਾਅਦ ਨਿਲਾਮੀ ਕਰਨਾ ਚਾਹੁੰਦੀਆਂ ਸਨ ਅਤੇ ਬੀਸੀਸੀਆਈ ਨੇ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਸੀ। ਹਾਲਾਂਕਿ ਅਜੇ ਤੱਕ ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ BCCI ਜਾਂ IPL ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।