ਕੇਂਦਰ ਸਰਕਾਰ ਵੱਲੋ ਪਾਸ ਕੀਤੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਨੂੰ ਸੋਮਵਾਰ ਨੂੰ 8 ਮਹੀਨੇ ਪੂਰੇ ਹੋ ਗਏ ਹਨ। ਕਿਸਾਨ ਪਿਛਲੇ 8 ਮਹੀਨਿਆਂ ਤੋਂ ਲਗਾਤਰ ਦਿੱਲੀ ਦੀਆ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਪਿਛਲੇ ਵੀਰਵਾਰ ਤੋਂ ਕਿਸਾਨਾਂ ਦੇ ਅੰਦੋਲਨ ਦਾ ਇੱਕ ਨਵਾਂ ਪੜਾਅ ਵੀ ਸ਼ੁਰੂ ਹੋਇਆ ਹੈ, ਦਰਅਸਲ ਕਿਸਾਨ ਵੀ ਪਾਰਲੀਮੈਂਟ ਦੇ ਵਾਂਗ ਜੰਤਰ ਮੰਤਰ ਵਿਖੇ ਇੱਕ ਕਿਸਾਨ ਸੰਸਦ ਚਲਾ ਰਹੇ ਹਨ। ਇਸ ਦੌਰਾਨ ਮਹਿਲਾਵਾਂ ਜੋ ਕਿਸਾਨ ਅੰਦੋਲਨ ਵਿੱਚ ਬਰਾਬਰ ਦੀਆਂ ਭਾਈਵਾਲ ਸਨ ਸੋਮਵਾਰ ਨੂੰ ਜੰਤਰ-ਮੰਤਰ ਵਿਖੇ ਕਿਸਾਨ ਸੰਸਦ ਦਾ ਸੰਚਾਲਨ ਕਰ ਰਹੀਆਂ ਹਨ।
ਮਹਿਲਾਵਾਂ ਇਸ ਦੌਰਾਨ ਮੌਜੂਦਾ ਭਾਰਤੀ ਖੇਤੀਬਾੜੀ ਪ੍ਰਣਾਲੀ ਅਤੇ ਅੰਦੋਲਨ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਨਾਲ ਖੇਤੀਬਾੜੀ ਕਾਨੂੰਨਾਂ ਦੇ ਤਮਾਮ ਪਹਿਲੂਆਂ ‘ਤੇ ਆਪਣੀ ਰਾਏ ਜ਼ਾਹਿਰ ਕਰ ਰਹੀਆਂ ਹਨ। ਮਹਿਲਾ ਕਿਸਾਨ ਸੰਸਦ ਵਿੱਚ 200 ਕਿਸਾਨ ਨੁਮਾਇੰਦੇ ਸ਼ਾਮਿਲ ਹਨ। ਇਨ੍ਹਾਂ ਵਿੱਚ ਪੰਜਾਬ ਦੀਆਂ 100 ਜਦਕਿ ਹੋਰ ਰਾਜਾਂ ਤੋਂ 100 ਮਹਿਲਾ ਕਿਸਾਨ ਸ਼ਾਮਿਲ ਹਨ। ਇਸ ਦੌਰਾਨ ਤਿੰਨ ਸੈਸ਼ਨਾਂ ਵਿੱਚ ਪ੍ਰਧਾਨ ਤੇ ਉਪ-ਪ੍ਰਧਾਨ ਵੀ ਮਹਿਲਾਵਾਂ ਬਣਨਗੀਆਂ। ਇਸ ਦੌਰਾਨ ਕਿਸਾਨ ਸੰਸਦ ਜ਼ਰੂਰੀ ਵਸਤੂਆਂ ਸੋਧ ਐਕਟ 2020 ਅਤੇ ਕਿਸਾਨਾਂ ਅਤੇ ਖਪਤਕਾਰਾਂ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ।