ਇੱਕ ਏਅਰਲਾਈਨ ਕੰਪਨੀ ਨੇ ਇੱਕ ਮਹਿਲਾ ਯਾਤਰੀ ‘ਤੇ 62 ਲੱਖ ਰੁਪਏ ਤੋਂ ਜ਼ਿਆਦਾ ਦਾ ਜ਼ੁਰਮਾਨਾ ਲਗਾਇਆ ਹੈ। ਮਹਿਲਾ ‘ਤੇ ਦੋਸ਼ ਹੈ ਕਿ ਉਸ ਨੇ ਯਾਤਰਾ ਦੌਰਾਨ ਜਹਾਜ਼ ਦੇ ਚਾਲਕ ਦਲ ‘ਤੇ ਹਮਲਾ ਕੀਤਾ ਅਤੇ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਉਸ ਨੂੰ ਜਹਾਜ਼ ਦੀ ਸੀਟ ‘ਤੇ ਟੇਪ ਨਾਲ ਬੰਨ੍ਹ ਦਿੱਤਾ ਗਿਆ। ਇਹ ਘਟਨਾ ਅਮਰੀਕਨ ਏਅਰਲਾਈਨਜ਼ ਦੀ ਫਲਾਈਟ 1774 ਵਿੱਚ ਵਾਪਰੀ, ਜੋ ਪਿਛਲੇ ਸਾਲ ਜੁਲਾਈ ਵਿੱਚ ਡਲਾਸ ਤੋਂ North Carolina ਦੇ ਸ਼ਾਰਲੋਟ ਜਾ ਰਹੀ ਸੀ। ਇਸ ਦੌਰਾਨ ਇਕ ਮਹਿਲਾ ਯਾਤਰੀ ਨੇ ਕੈਬਿਨ ਕਰੂ ਮੈਂਬਰਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਇੱਥੋਂ ਤੱਕ ਕਿ ਉਸ ਨੇ ਕਥਿਤ ਤੌਰ ‘ਤੇ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਦੀ ਵੀ ਕੋਸ਼ਿਸ਼ ਕੀਤੀ। ਔਰਤ ਦੀ ਇਸ ਹਰਕਤ ਮਗਰੋਂ ਉਸ ਨੂੰ ਸੀਟ ਨਾਲ ਬੰਨ੍ਹ ਦਿੱਤਾ ਗਿਆ। ਇਸੇ ਦੌਰਾਨ ਕੁਝ ਸਹਿ ਯਾਤਰੀਆਂ ਨੇ ਘਟਨਾ ਦੀ ਵੀਡੀਓ ਬਣਾ ਲਈ, ਜਿਸ ਤੋਂ ਬਾਅਦ ਮਹਿਲਾ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਤੋਂ ਬਾਅਦ ਹੁਣ ਏਅਰਲਾਈਨ ਕੰਪਨੀ ਨੇ ਦੋਸ਼ੀ ਮਹਿਲਾ ਖਿਲਾਫ ਕਾਰਵਾਈ ਕੀਤੀ ਹੈ। ਉਸ ‘ਤੇ 81,950 ਡਾਲਰ (62 ਲੱਖ ਰੁਪਏ ਤੋਂ ਵੱਧ) ਦਾ ਜੁਰਮਾਨਾ ਲਗਾਇਆ ਗਿਆ ਹੈ।
ਇੱਕ ਰਿਪੋਰਟ ਮੁਤਾਬਕ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਵੱਲੋਂ ਲਗਾਇਆ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ ਹੈ। ਦੱਸਿਆ ਗਿਆ ਕਿ ਮਹਿਲਾ ਦੀ ਇਸ ਹਰਕਤ ਕਾਰਨ ਫਲਾਈਟ ਕਰੀਬ 3 ਘੰਟੇ ਲੇਟ ਹੋ ਗਈ ਸੀ। ਇਸ ਘਟਨਾ ਬਾਰੇ ਇਕ ਹੋਰ ਯਾਤਰੀ ਨੇ ਆਪਣੇ ਟਿੱਕਟੋਕ ਅਕਾਊਂਟ ‘ਤੇ ਦੱਸਿਆ ਕਿ ਔਰਤ ਚੀਕ ਰਹੀ ਸੀ। ਉਹ ਕਹਿ ਰਹੀ ਸੀ ਕਿ ਮੈ ਜਹਾਜ਼ ਤੋਂ ਉਤਰਨਾ ਹੈ। ਉਹ ਦਰਵਾਜ਼ਾ ਖੋਲ੍ਹਣ ਦੀ ਵੀ ਕੋਸ਼ਿਸ਼ ਕਰ ਰਹੀ ਸੀ। ਯਾਤਰੀ ਨੇ ਔਰਤ ਦੀ ਇਕ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਉਸ ਨੂੰ ਸੀਟ ‘ਤੇ ਟੇਪ ਨਾਲ ਬੰਨ੍ਹਿਆ ਗਿਆ ਹੈ। ਮਹਿਲਾ ‘ਤੇ ਜੁਰਮਾਨਾ ਲਗਾਉਣ ਤੋਂ ਬਾਅਦ ਜਾਂਚ ਏਜੰਸੀ ਨੇ ਇਕ ਬਿਆਨ ‘ਚ ਕਿਹਾ ਕਿ ਔਰਤ ਦੀ ਹਰਕਤ ਨਾਲ ਹੋਰ ਯਾਤਰੀਆਂ ਨੂੰ ਖਤਰਾ ਹੋ ਸਕਦਾ ਸੀ। ਭਵਿੱਖ ਵਿੱਚ ਵੀ ਅਜਿਹੀਆਂ ਘਟਨਾਵਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।