ਲੰਡਨ ‘ਚ ਇੱਕ ਬ੍ਰਿਟਿਸ਼ ਔਰਤ ਆਪਣੇ ਹੀ ਕੱਢੇ ਹੋਏ ਦਿਲ ਨੂੰ ਦੇਖਣ ਲਈ ਮਿਊਜ਼ੀਅਮ ਪਹੁੰਚੀ। ਔਰਤ ਦਾ ਦਿਲ 16 ਸਾਲ ਪਹਿਲਾਂ ਲਾਈਵ-ਸੇਵਿੰਗ ਟ੍ਰਾਂਸਪਲਾਂਟ ਸਰਜਰੀ ਦੌਰਾਨ ਕੱਢਿਆ ਗਿਆ ਸੀ। ਜਿਸ ਨੂੰ ਲੰਡਨ ਦੇ ਹੰਟੇਰੀਅਨ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ। ਆਪਣਾ ਦਿਲ ਦੇਖਣ ਤੋਂ ਬਾਅਦ ਇਹ ਔਰਤ ਕਾਫੀ ਉਤਸ਼ਾਹਿਤ ਨਜ਼ਰ ਆਈ। ਮੀਡੀਆ ਰਿਪੋਰਟਾਂ ਮੁਤਾਬਿਕ 16 ਸਾਲ ਪਹਿਲਾਂ ਕੀਤੀ ਗਈ ਸਰਜਰੀ ਤੋਂ ਬਾਅਦ ਔਰਤ ਦੇ ਦਿਲ ਨੂੰ ਬਾਹਰ ਕੱਢ ਕੇ ਹੰਟੇਰੀਅਨ ਮਿਊਜ਼ੀਅਮ ‘ਚ ਪ੍ਰਦਰਸ਼ਨੀ ਲਈ ਰੱਖਿਆ ਗਿਆ ਹੈ। ਇਹ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਨ ਲਈ ਰੱਖਿਆ ਗਿਆ ਹੈ। ਬ੍ਰਿਟਿਸ਼ ਔਰਤ ਦਾ ਨਾਂ ਜੈਨੀਫਰ ਸਟਨ ਹੈ ਅਤੇ ਉਮਰ 38 ਸਾਲ ਹੈ। ਜੋ ਲਗਭਗ 16 ਸਾਲਾਂ ਬਾਅਦ ਅਜਾਇਬ ਘਰ ਵਿੱਚ ਆਪਣੇ ਦਿਲ ਨੂੰ ਦੇਖ ਕੇ ਬਹੁਤ ਹੈਰਾਨ ਅਤੇ ਖੁਸ਼ ਨਜ਼ਰ ਆਈ। ਇਸ ਦੌਰਾਨ ਜੈਨੀਫਰ ਨੇ ਉਮੀਦ ਜਤਾਈ ਕਿ ਇਸ ਨਾਲ ਅੰਗਦਾਨ ਨੂੰ ਉਤਸ਼ਾਹਿਤ ਕਰਨ ‘ਚ ਮਦਦ ਮਿਲੇਗੀ।
ਅਜਾਇਬ ਘਰ ਤੋਂ ਪਰਤਣ ਤੋਂ ਬਾਅਦ, ਬ੍ਰਿਟਿਸ਼ ਔਰਤ ਨੇ ਕਿਹਾ, “ਇਹ ਬਿਲਕੁਲ ਅਵਿਸ਼ਵਾਸ਼ਯੋਗ ਸੀ। ਮੈਨੂੰ ਅੰਦਰ ਜਾ ਕੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਂ ਅਸਲ ਵਿੱਚ ਉਹ ਚੀਜ਼ ਦੇਖਣ ਜਾ ਰਹੀ ਸੀ ਜੋ ਮੇਰੇ ਦਿਲ ਵਿੱਚ ਹੁੰਦੀ ਸੀ।” ਆਪਣੇ ਹਟਾਏ ਗਏ ਦਿਲ ਦੇ ਬਾਰੇ ਵਿੱਚ ਜੈਨੀਫਰ ਨੇ ਕਿਹਾ, “ਇਹ ਸੱਚਮੁੱਚ ਇੱਕ ਸ਼ਾਨਦਾਰ ਅਨੁਭਵ ਸੀ, ਮੈਂ ਆਪਣੇ ਦੋਸਤ ਨੂੰ ਮਿਲੀ। ਮੈਨੂੰ ਉਸ ਨੂੰ ਦੇਖਣ ਦਾ ਮੌਕਾ ਮਿਲਿਆ, ਜਿਸ ਕਾਰਨ ਮੈਂ 22 ਸਾਲ ਤੱਕ ਜਿਊਂਦੀ ਰਹੀ। ਬੀਬੀਸੀ ਦੀ ਰਿਪੋਰਟ ਮੁਤਾਬਿਕ ਜੈਨੀਫਰ ਹੁਣ ਕਾਫੀ ਵਿਅਸਤ ਅਤੇ ਸਰਗਰਮ ਜ਼ਿੰਦਗੀ ਜੀਅ ਰਹੀ ਹੈ। ਉਹ ਭਵਿੱਖ ਵਿੱਚ ਵੀ ਇਸ ਤਰ੍ਹਾਂ ਹੀ ਰਹੇਗੀ। ਰਿਪੋਰਟ ਮੁਤਾਬਿਕ ਜਦੋਂ ਜੈਨੀਫਰ 22 ਸਾਲ ਦੀ ਸੀ ਤਾਂ ਉਹ ਰਿਸਟ੍ਰਿਕਟਿਵ ਕਾਰਡੀਓਮਿਓਪੈਥੀ ਤੋਂ ਪੀੜਤ ਸੀ। ਉਹ ਸੈਰ ਕਰਦੇ ਸਮੇਂ ਥਕਾਵਟ ਮਹਿਸੂਸ ਕਰਦੀ ਸੀ, ਡਾਕਟਰਾਂ ਨੇ ਜੈਨੀਫਰ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਸੀ ਕਿ ਜੇਕਰ ਹਾਰਟ ਟਰਾਂਸਪਲਾਂਟ ਨਾ ਕੀਤਾ ਗਿਆ ਤਾਂ ਉਸਦੀ ਮੌਤ ਹੋ ਸਕਦੀ ਹੈ। ਅਜਿਹੇ ‘ਚ ਉਹ ਕਾਫੀ ਘਬਰਾਈ ਹੋਈ ਸੀ। ਜੂਨ 2007 ਵਿੱਚ ਉਸ ਲਈ ਇੱਕ ਮੈਚ ਮਿਲਿਆ ਸੀ ਪਰ ਉਹ ਸਰਜਰੀ ਤੋਂ ਡਰ ਗਈ ਸੀ।
ਜੈਨੀਫਰ ਮੌਤ ਨਾਲੋਂ ਸਰਜਰੀ ਤੋਂ ਹੋਰ ਵੀ ਡਰੀ ਹੋਈ ਸੀ ਕਿਉਂਕਿ ਉਸ ਦੀ ਮਾਂ ਦੀ ਵੀ ਇਸੇ ਤਰ੍ਹਾਂ ਸਰਜਰੀ ਦੌਰਾਨ ਮੌਤ ਹੋ ਗਈ ਸੀ। ਉਦੋਂ ਜੈਨੀਫਰ ਸਿਰਫ 13 ਸਾਲ ਦੀ ਸੀ। ਉਨ੍ਹਾਂ ਕਿਹਾ ਕਿ ਟਰਾਂਸਪਲਾਂਟ ਤੋਂ ਬਾਅਦ ਮੈਨੂੰ ਲੱਗਾ ਕਿ ਇਹ ਮੇਰਾ ਨਵਾਂ ਜਨਮ ਹੈ। ਇਸ ਤੋਂ ਬਾਅਦ ਉਸਨੇ ਆਪਣੇ ਕੱਢੇ ਗਏ ਦਿਲ ਨੂੰ ਮਿਊਜ਼ੀਅਮ ਵਿੱਚ ਰਖਵਾਉਣ ਦਾ ਫੈਸਲਾ ਕੀਤਾ, ਜਿੱਥੇ ਕੋਈ ਵੀ ਉਸਦਾ ਦਿਲ ਦੇਖ ਸਕਦਾ ਹੈ।