ਨਿਊਜ਼ੀਲੈਂਡ ‘ਚ ਸਿਹਤ ਵਿਭਾਗ ‘ਚ ਕਰਮਚਾਰੀਆਂ ਦੀ ਘਾਟ ਇੱਕ ਗੰਭੀਰ ਮਸਲਾ ਬਣਦੀ ਜਾ ਰਹੀ ਹੈ। ਹਸਪਤਾਲਾਂ ‘ਚ ਸਟਾਫ ਦੀ ਘਾਟ ਕਾਰਨ ਲੋਕਾਂ ਨੂੰ ਸਮੇਂ ਸਿਰ ਇਲਾਜ ਵੀ ਨਹੀਂ ਮਿਲ ਰਿਹਾ। ਤਾਜਾ ਮਾਮਲਾ ਵਾਈਕਾਟੋ ਦਾ ਹੈ। ਦਰਅਸਲ ਇੱਕ ਔਰਤ ਨੂੰ ਵਾਈਕਾਟੋ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ 16 ਘੰਟਿਆਂ ਤੋਂ ਵੱਧ ਸਮੇਂ ਤੱਕ ਇਲਾਜ ਲਈ ਇੰਤਜ਼ਾਰ ਕਰਨਾ ਪਿਆ ਹੈ। ਮਰੀਜ਼ ਨੇ ਆਪਣਾ ਨਾਮ ਦੱਸੇ ਬਿਨਾ ਕਿਹਾ ਕਿ ਉਨ੍ਹਾਂ ED ‘ਚ ਡਾਕਟਰ ਦੀ ਰਾਤ ਭਰ ਉਡੀਕ ਕੀਤੀ ਸੀ। ਉਨ੍ਹਾਂ ਦੱਸਿਆ ਕਿ “ਇੱਕ ਬਜ਼ੁਰਗ ਆਦਮੀ ਜੋ ਵ੍ਹੀਲਚੇਅਰ ‘ਤੇ ਸੀ। ਉਸਦੀ ਪਤਨੀ ਕਈ ਵਾਰ ਕਾਊਂਟਰ ‘ਤੇ ਗਈ ਸੀ। ਵਿਅਕਤੀ ਕੰਬ ਰਿਹਾ ਸੀ ਅਤੇ ਉਸਦੇ ਸਰੀਰ ‘ਚ ਬਹੁਤ ਦਰਦ ਹੋ ਰਿਹਾ ਸੀ।”
ਉਨ੍ਹਾਂ ਨੇ ਕਿਹਾ ਕਿ ਵੇਟਿੰਗ ਰੂਮ ਵਿੱਚ ਲਗਭਗ 25 ਮਰੀਜ਼ਾਂ ਨੇ ਆਦਮੀ ਦੀ ਦੇਖਭਾਲ ਕਰਨ ਵਿੱਚ ਮਦਦ ਕੀਤੀ, ਉਸਨੂੰ ਵ੍ਹੀਲਚੇਅਰ ਤੋਂ ਚੁੱਕ ਕੇ ਇੱਕ ਹੋਰ ਆਰਾਮਦਾਇਕ ਕੁਰਸੀ ‘ਤੇ ਬਿਠਾਇਆ। ਇਸ ਵਿਅਕਤੀ ਨੂੰ 1 ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਸੀ। ਉਹ ਇੱਥੇ ਐਂਬੂਲੈਂਸ ਰਾਹੀਂ ਭੇਜੇ ਗਏ ਸਨ ਅਤੇ ਇੱਥੇ ਬੈਠਣ ਦੌਰਾਨ ਉਨ੍ਹਾਂ ਨੂੰ ਫਿਰ ਦਿਲ ਦਾ ਦੌਰਾ ਪਿਆ ਸੀ ਅਤੇ ਉਹ ਘੰਟਿਆਂ ਬੱਧੀ ਉਡੀਕ ਕਰ ਰਹੇ ਸਨ।” ਇੱਕ ਹੋਰ ਮਾਮਲਾ ਹੈ ਜਿੱਥੇ ਇੱਕ ਪੈਦਲ ਯਾਤਰੀ ਨੂੰ ਇੱਕ ਕਾਰ ਦੁਆਰਾ ਟੱਕਰ ਮਾਰੀ ਗਈ ਸੀ। ਉਸ ਨੂੰ ਵੀ ਅਲਟਰਾਸਾਊਂਡ ਕਰਵਾਉਣ ਵਿੱਚ ਲਗਭਗ 12 ਘੰਟੇ ਲੱਗ ਗਏ ਜੋ ਪੁਲਿਸ ਨੇ ਉਸਨੂੰ ਕਰਵਾਉਣ ਲਈ ਬੇਨਤੀ ਕੀਤੀ ਸੀ।”