ਨੌਰਥਲੈਂਡ ‘ਚ ਇੱਕ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਘਟਨਾ ਵਾਪਰੀ ਹੈ। ਦਰਅਸਲ ਨੌਰਥਲੈਂਡ ‘ਚ ਇੱਕ ਔਰਤ ਦੀ ਬੁੱਧਵਾਰ ਨੂੰ ਇੱਕ ਕੁੱਤੇ ਵੱਲੋਂ ਕੀਤੇ ਹਮਲੇ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਰੇਵਾ ਕਸਬੇ ਵਿੱਚ ਘਟਨਾ ਸਥਾਨ ‘ਤੇ ਇੱਕ ਪਰਿਵਾਰਕ ਮੈਂਬਰ ਨੇ RNZ ਨੂੰ ਦੱਸਿਆ ਹੈ ਕਿ ਉਸਦੀ ਮਾਸੀ ਦੀ ਮੌਤ ਹੋ ਗਈ ਹੈ।
ਪਰਿਵਾਰਕ ਮੈਂਬਰਾਂ ਮੁਤਾਬਿਕ ਜਦੋ ਔਰਤ ਕੱਪੜੇ ਧੋ ਰਹੀ ਸੀ ਓਦੋਂ ਇੱਕ ਕੁੱਤਾ ਘਰ ‘ਚ ਆਇਆ ਅਤੇ ਉਸ ਨੇ ਔਰਤ ‘ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋ ਹੋਰ ਲੋਕ ਜ਼ਖਮੀ ਹੋਏ ਹਨ। ਕੁੱਝ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਫਸਰਾਂ ਦੇ ਪਹੁੰਚਣ ਤੋਂ ਪਹਿਲਾਂ ਕੁੱਤੇ ਨੂੰ ਗੁਆਂਢੀ ਨੇ ਗੋਲੀ ਮਾਰ ਦਿੱਤੀ ਸੀ। ਪੁਲਿਸ ਦੇ ਕਾਰਜਕਾਰੀ ਸੀਨੀਅਰ ਸਾਰਜੈਂਟ ਜੇਮਸ ਕੈਲਵਰਟ ਨੇ ਕਿਹਾ ਕਿ ਪੀੜਤ ਇੱਕ ਬਜ਼ੁਰਗ ਔਰਤ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸ਼ਾਮ 4.40 ਵਜੇ ਦੇ ਕਰੀਬ ਹਮਲੇ ਬਾਰੇ ਸੁਚੇਤ ਕੀਤਾ ਗਿਆ ਸੀ।