ਚੀਨ ਦੇ ਬੀਜਿੰਗ ਏਅਰਪੋਰਟ ‘ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਨੂੰ ਫਰਜ਼ੀ ਪਾਸਪੋਰਟ ਦੀ ਵਰਤੋਂ ਕਰਦੇ ਹੋਏ ਫੜਿਆ ਗਿਆ ਹੈ। ਦਰਅਸਲ, ਇਸ ਬਾਰੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਸ਼ੀ ਔਰਤ ਨੇ ਆਪਣੇ ਬੁਆਏਫ੍ਰੈਂਡ ਤੋਂ ਆਪਣੀ ਉਮਰ ਲੁਕਾਉਣ ਲਈ ਇਹ ਸਭ ਕੀਤਾ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ (SCMP) ਦੀ ਰਿਪੋਰਟ ਮੁਤਾਬਿਕ ਮਹਿਲਾ ਨੂੰ ਦੇਖ ਕੇ ਏਅਰਪੋਰਟ ‘ਤੇ ਮੌਜੂਦ ਇੱਕ ਅਧਿਕਾਰੀ ਨੂੰ ਉਸ ‘ਤੇ ਸ਼ੱਕ ਹੋ ਗਿਆ। ਅਧਿਕਾਰੀ ਨੇ ਪਾਸਪੋਰਟ ‘ਚ ਕੁੱਝ ਅਸਾਧਾਰਨ ਦੇਖਿਆ, ਜਿਸ ਤੋਂ ਬਾਅਦ ਔਰਤ ਦੇ ਯਾਤਰਾ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ, ਜਿਸ ਦੌਰਾਨ ਉਹ ਘਬਰਾ ਗਈ। ਇਸ ਤੋਂ ਬਾਅਦ ਅਧਿਕਾਰੀ ਨੇ ਔਰਤ ਨੂੰ ਹੋਰ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ, ਜਿਸ ਕਾਰਨ ਉਹ ਹੋਰ ਘਬਰਾ ਗਈ।
ਹੱਦ ਉਦੋਂ ਹੋ ਗਈ ਜਦੋਂ ਮੁਲਜ਼ਮ ਮਹਿਲਾ ਅਧਿਕਾਰੀ ਤੋਂ ਆਪਣਾ ਪਾਸਪੋਰਟ ਖੋਹਣ ਲੱਗ ਪਈ। ਇਸ ਦੇ ਨਾਲ ਹੀ ਮਹਿਲਾ ਅਧਿਕਾਰੀ ਨਾਲ ਇਕੱਲੇ ਗੱਲ ਕਰਨ ਦੀ ਬੇਨਤੀ ਕਰਨ ਲੱਗੀ। ਉਸੇ ਸਮੇਂ ਔਰਤ ਨੇ ਆਪਣੇ ਬੁਆਏਫ੍ਰੈਂਡ ਨੂੰ ਚੌਕੀ ਵੱਲ ਜਾਣ ਲਈ ਕਿਹਾ। ਇਸ ਤੋਂ ਬਾਅਦ ਮਹਿਲਾ ਨੇ ਖੁਲਾਸਾ ਕੀਤਾ ਕਿ ਉਸ ਕੋਲ ਦੋ ਚੀਨੀ ਪਾਸਪੋਰਟ ਹਨ। ਇੱਕ ਵਿੱਚ ਉਸਦੀ ਅਸਲ ਉਮਰ 41 ਸਾਲ ਹੈ, ਜਦਕਿ ਦੂਜੇ ਵਿੱਚ ਉਸਦੀ ਉਮਰ 27 ਸਾਲ ਹੈ। ਔਰਤ ਨੇ ਅਧਿਕਾਰੀ ਨੂੰ ਦੱਸਿਆ ਕਿ ਉਹ ਆਪਣੇ 24 ਸਾਲਾ ਬੁਆਏਫਰੈਂਡ ਤੋਂ ਆਪਣੀ ਅਸਲ ਉਮਰ ਲੁਕਾਉਣਾ ਚਾਹੁੰਦੀ ਸੀ। ਦਰਅਸਲ, ਔਰਤ ਨੂੰ ਲੱਗਦਾ ਸੀ ਕਿ ਜੇਕਰ ਉਸ ਦੇ ਬੁਆਏਫ੍ਰੈਂਡ ਨੂੰ ਉਸ ਦੀ ਅਸਲ ਉਮਰ ਬਾਰੇ ਪਤਾ ਲੱਗ ਗਿਆ ਤਾਂ ਇਸ ਨਾਲ ਉਨ੍ਹਾਂ ਦੇ ਰਿਸ਼ਤੇ ‘ਤੇ ਅਸਰ ਪਵੇਗਾ।
ਔਰਤ ਨੇ ਖੁਦ ਮੰਨਿਆ ਕਿ ਉਸ ਨੇ ਜਾਪਾਨ ਜਾਣ ਲਈ ਫਰਜ਼ੀ ਪਾਸਪੋਰਟ ਬਣਾਇਆ ਸੀ। ਇਸ ਦੇ ਲਈ ਔਰਤ ਨੇ 900 ਅਮਰੀਕੀ ਡਾਲਰ (ਕਰੀਬ 76,000 ਰੁਪਏ) ਖਰਚ ਕੀਤੇ, ਜਿਸ ਵਿੱਚ ਉਸ ਦਾ ਜਨਮ ਸਾਲ 1996 ਦੱਸਿਆ ਗਿਆ ਹੈ। ਰਿਪੋਰਟ ਮੁਤਾਬਿਕ ਦੋਸ਼ੀ ਔਰਤ ‘ਤੇ 3,000 ਯੂਆਨ (35,000 ਰੁਪਏ ਤੋਂ ਜ਼ਿਆਦਾ) ਦਾ ਜੁਰਮਾਨਾ ਲਗਾਇਆ ਗਿਆ ਅਤੇ ਉਸ ਦਾ ਫਰਜ਼ੀ ਪਾਸਪੋਰਟ ਜ਼ਬਤ ਕਰ ਲਿਆ ਗਿਆ। ਇਸ ਘਟਨਾ ਨੂੰ ਲੈ ਕੇ ਚੀਨ ‘ਚ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ।