ਆਰਐਨਜ਼ੈਡ ਦੀ ਇੱਕ ਨਿਊਜ਼ ਮੁਤਾਬਿਕ ਆਕਲੈਂਡ ਤੋਂ ਨਿਊ ਪਲਾਈਮਾਊਥ ਜਾ ਰਹੀ ਏਅਰ ਨਿਊਜ਼ੀਲੈਂਡ ਦੀ ਉਡਾਣ ਵਿੱਚ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਏਅਰ ਨਿਊਜ਼ੀਲੈਂਡ ਦੇ ਇੱਕ ਬੁਲਾਰੇ ਨੇ ਕਿਹਾ ਕਿ ਬੁੱਧਵਾਰ ਨੂੰ ਫਲਾਈਟ NZ5041 ਦੇ ਨਿਊ ਪਲਾਈਮਾਊਥ ਵਿੱਚ ਉਤਰਨ ਤੋਂ ਬਾਅਦ ਇੱਕ ਮਹਿਲਾ ਯਾਤਰੀ ਨੂੰ ਜਹਾਜ਼ ਦੇ ਵਿੱਚ ਹੀ ਡਾਕਟਰੀ ਸਹਾਇਤਾ ਦੀ ਜ਼ਰੂਰਤ ਸੀ। ਹਵਾਈ ਅੱਡੇ ‘ਤੇ ਇੱਕ ਯਾਤਰੀ ਨੇ ਕਿਹਾ ਕਿ ਜਹਾਜ਼ ਦੇ ਆਉਣ ਤੋਂ ਬਾਅਦ ਟਾਰਮੈਕ ‘ਤੇ ਇੱਕ ਐਂਬੂਲੈਂਸ ਵੀ ਦੇਖੀ ਗਈ ਸੀ।
ਯਾਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਾਅਦ ਵਿੱਚ ਏਅਰ ਨਿਊਜ਼ੀਲੈਂਡ ਦੇ ਸਟਾਫ ਦੁਆਰਾ ਦੱਸਿਆ ਗਿਆ ਕਿ ਜਹਾਜ਼ ਦੇ ਉਤਰਨ ਤੋਂ ਬਾਅਦ ਇੱਕ ਔਰਤ ਨੂੰ ਜਣੇਪੇ ਦੀ ਪੀੜ ਹੋਈ ਸੀ ਅਤੇ ਥੋੜ੍ਹੀ ਦੇਰ ਬਾਅਦ ਬੱਚੇ ਦਾ ਜਨਮ ਹੋਇਆ ਸੀ। ਸੇਂਟ ਜੌਨ ਅਤੇ ਨਿਊ ਪਲਾਈਮਾਊਥ ਹਵਾਈ ਅੱਡੇ ਦੀ ਫਾਇਰ ਰੈਸਕਿਊ ਟੀਮ ਦੋਵਾਂ ਨੇ ਕਿਹਾ ਕਿ ਉਨ੍ਹਾਂ ਨੇ ਦੁਪਹਿਰ 3 ਵਜੇ ਦੇ ਕਰੀਬ ਡਾਕਟਰੀ ਕਾਲਆਉਟ ਦਾ ਜਵਾਬ ਦਿੱਤਾ ਸੀ। ਸੇਂਟ ਜੌਨ ਦੇ ਇੱਕ ਬੁਲਾਰੇ ਨੇ ਕਿਹਾ ਕਿ, “ਇੱਕ ਐਂਬੂਲੈਂਸ ਪਹੁੰਚੀ ਹੋਈ ਸੀ ਅਤੇ ਦੋ ਮਰੀਜ਼ਾਂ ਨੂੰ ਦਰਮਿਆਨੀ ਹਾਲਤ ਵਿੱਚ ਤਰਾਨਾਕੀ ਬੇਸ ਹਸਪਤਾਲ ਲਿਜਾਇਆ ਗਿਆ ਸੀ।” ਏਅਰ ਨਿਊਜ਼ੀਲੈਂਡ ਨੇ ਕਿਹਾ ਕਿ ਉਨ੍ਹਾਂ ਦੇ ਚਾਲਕ ਦਲ ਅਤੇ ਜਹਾਜ਼ ਵਿੱਚ ਮੌਜੂਦ ਹੋਰ ਗਾਹਕਾਂ ਨੇ ਤੇਜ਼ੀ ਨਾਲ ਮਹਿਲਾ ਦੀ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ, “ਅਸੀਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਦਦ ਕੀਤੀ ਅਤੇ ਮਹਿਲਾ ਯਾਤਰੀ ਦੀ ਚੰਗੀ ਕਾਮਨਾ ਕੀਤੀ।”