ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਤੋਂ ਢਾਈ ਸਾਲ ਦੀ ਬੱਚੀ ਦਿਲਰੋਜ਼ ਨੂੰ ਅਗਵਾ ਕਰਕੇ ਉਸ ਨੂੰ ਜ਼ਿੰਦਾ ਦਫ਼ਨਾ ਕੇ ਕਤਲ ਕਰਨ ਦੇ ਮਾਮਲੇ ਵਿੱਚ ਜ਼ਿਲ੍ਹਾ ਸੈਸ਼ਨ ਜੱਜ ਨੇ ਤਿੰਨ ਸਾਲਾਂ ਬਾਅਦ ਇਤਿਹਾਸਕ ਫੈਸਲਾ ਸੁਣਾਇਆ ਹੈ। ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਦੋਸ਼ੀ ਔਰਤ ਨੀਲਮ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਹੱਤਿਆ ਦੇ ਮਾਮਲੇ ‘ਚ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਤੋਂ ਬਾਅਦ ਅਦਾਲਤ ਦੇ ਬਾਹਰ ਇਸ ਕੇਸ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਦਿਲਰੋਜ਼ ਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਪਰਿਵਾਰ ਬਹੁਤ ਰੋਇਆ। ਅਦਾਲਤ ਨੇ ਅਗਵਾ ਮਾਮਲੇ ‘ਚ ਦੋਸ਼ੀ ਔਰਤ ਨੂੰ ਉਮਰ ਕੈਦ, ਸਬੂਤਾਂ ਨਾਲ ਛੇੜਛਾੜ ਦੇ ਮਾਮਲੇ ‘ਚ ਪੰਜ ਸਾਲ ਅਤੇ ਕਤਲ ਦੇ ਮਾਮਲੇ ‘ਚ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਸ਼ੀ ਔਰਤ ਨੀਲਮ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਸੀ ਕਿ ਨੀਲਮ ਦੇ ਬੱਚੇ ਛੋਟੇ ਹਨ ਅਤੇ ਉਸ ‘ਤੇ ਕੁਝ ਰਹਿਮ ਕੀਤਾ ਜਾਣਾ ਚਾਹੀਦਾ ਹੈ। ਪਰ ਅਦਾਲਤ ਨੇ ਉਨ੍ਹਾਂ ਦੀ ਦਲੀਲ ਨੂੰ ਸਵੀਕਾਰ ਨਹੀਂ ਕੀਤਾ ਅਤੇ ਮੌਤ ਦੀ ਸਜ਼ਾ ਸੁਣਾਈ।
ਸ਼ਿਮਲਾਪੁਰੀ ਇਲਾਕੇ ਦੇ ਰਹਿਣ ਵਾਲੇ ਪੁਲਿਸ ਮੁਲਾਜ਼ਮ ਹਰਪ੍ਰੀਤ ਸਿੰਘ ਦੀ ਢਾਈ ਸਾਲਾ ਧੀ ਦਿਲਰੋਜ਼ ਜਦੋਂ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਗੁਆਂਢ ‘ਚ ਰਹਿਣ ਵਾਲੀ ਦੋਸ਼ੀ ਔਰਤ ਨੀਲਮ ਉਸ ਨੂੰ ਚਾਕਲੇਟ ਦਿਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਈ। ਉਸ ਨੂੰ ਕੁੱਟਿਆ ਅਤੇ ਜ਼ਖਮੀ ਕਰ ਦਿੱਤਾ। ਫਿਰ ਉਸ ਨੇ ਸਲੇਮ ਟਾਬਰੀ ਇਲਾਕੇ ਵਿਚ ਇਕ ਸੁੰਨਸਾਨ ਇਲਾਕੇ ਵਿਚ ਟੋਆ ਪੁੱਟ ਕੇ ਉਸ ਨੂੰ ਜ਼ਿੰਦਾ ਦਫ਼ਨ ਕਰ ਦਿੱਤਾ ਸੀ। ਜ਼ਖਮੀ ਲੜਕੀ ਨੂੰ ਦਰਦ ਹੋਣ ‘ਤੇ ਦੋਸ਼ੀ ਔਰਤ ਨੇ ਉਸ ‘ਤੇ ਮਿੱਟੀ ਪਾ ਕੇ ਜ਼ਿੰਦਾ ਬੱਚੀ ਨੂੰ ਦਫਨ ਕਰ ਦਿੱਤਾ। ਇਸ ਤੋਂ ਬਾਅਦ ਉਹ ਘਰ ਆ ਗਈ। ਲੜਕੀ ਦੇ ਲਾਪਤਾ ਹੋਣ ਤੋਂ ਬਾਅਦ ਹਰਪ੍ਰੀਤ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ, ਜਦਕਿ ਦੋਸ਼ੀ ਔਰਤ ਵੀ ਡਰਾਮਾ ਕਰਦੇ ਹੋਏ ਉਨ੍ਹਾਂ ਨਾਲ ਲੜਕੀ ਦੀ ਭਾਲ ਕਰਦੀ ਰਹੀ। ਜਦੋਂ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਸਾਰੀ ਕਹਾਣੀ ਖੁੱਲ ਕੇ ਸਾਹਮਣੇ ਆ ਗਈ।