ਕੁੱਝ ਹਫਤੇ ਪਹਿਲਾ ਆਕਲੈਂਡ ਵਿੱਚ ਸੂਟਕੇਸ ਵਿੱਚ ਦੋ ਛੋਟੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ, ਜਿਸ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ ਸੀ। ਪਰ ਹੁਣ ਇਸ ਮਾਮਲੇ ‘ਚ ਇੱਕ ਵੱਡੀ ਕਾਰਵਾਈ ਹੋਈ ਹੈ। ਇਸ ਮਾਮਲੇ ਸਬੰਧੀ ਦੱਖਣੀ ਕੋਰੀਆ ਵਿੱਚ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ 42 ਸਾਲਾ ਔਰਤ ਨੂੰ ਦੋ ਸਬੰਧਿਤ ਕਤਲ ਦੇ ਦੋ ਦੋਸ਼ਾਂ ਦੇ ਤਹਿਤ ਕੋਰੀਅਨ ਗ੍ਰਿਫਤਾਰੀ ਵਾਰੰਟ ‘ਤੇ ਗ੍ਰਿਫਤਾਰ ਕੀਤਾ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਔਰਤ ਉਲਸਾਨ ਸ਼ਹਿਰ ਦੇ ਇੱਕ ਅਪਾਰਟਮੈਂਟ ਵਿੱਚ ਲੁਕੀ ਹੋਈ ਸੀ।
ਪੁਲਿਸ ਨੇ ਕਿਹਾ ਕਿ ਉਸਨੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਔਰਤ ਨੂੰ ਵਾਪਿਸ ਨਿਊਜ਼ੀਲੈਂਡ ਹਵਾਲੇ ਕਰਨ ਲਈ ਅਰਜ਼ੀ ਦਿੱਤੀ ਹੈ ਅਤੇ ਬੇਨਤੀ ਕੀਤੀ ਹੈ ਕਿ ਹਵਾਲਗੀ ਪ੍ਰਕਿਰਿਆ ਪੂਰੀ ਹੋਣ ਤੱਕ ਉਸਨੂੰ ਹਿਰਾਸਤ ਵਿੱਚ ਰੱਖਿਆ ਜਾਵੇ। ਦਰਅਸਲ ਪ੍ਰਾਇਮਰੀ ਸਕੂਲ ਦੀ ਉਮਰ ਦੇ ਬੱਚਿਆਂ ਦੀਆਂ ਦੋ ਲਾਸ਼ਾਂ 11 ਅਗਸਤ ਨੂੰ ਆਕਲੈਂਡ ਦੇ ਕਲੈਂਡਨ ਪਾਰਕ ਵਿੱਚ ਇੱਕ ਸੂਟਕੇਸ ਵਿੱਚੋਂ ਮਿਲੀਆਂ ਸਨ। ਸੂਟਕੇਸ ਸਟੋਰੇਜ ਯੂਨਿਟ ਵਿੱਚ ਛੱਡੇ ਗਏ ਸਮਾਨ ਲਈ ਇੱਕ ਨਿਲਾਮੀ ਵਿੱਚ ਜਿੱਤੇ ਗਏ ਸਨ। ਸੂਟਕੇਸ ਜਿੱਤਣ ਵਾਲੇ ਪਰਿਵਾਰ ਦਾ ਮੌਤਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਮਾਮਲੇ ਦੀ ਜਾਂਚ ਮਗਰੋਂ ਸਪਸ਼ਟ ਹੋਇਆ ਸੀ ਕਿ ਇਹ ਬੱਚੇ ਏਸ਼ੀਅਨ ਮੂਲ ਦੇ ਸਨ, ਜਿਨ੍ਹਾਂ ਦੇ ਪਿਤਾ ਦੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਸੀ ਅਤੇ ਉਨ੍ਹਾਂ ਦੀ ਮਾਂ ਲਾਪਤਾ ਸੀ।