ਚਾਲੀ ਸਾਲਾ ਲੌਰੇਨ ਐਨੀ ਡਿਕਸਨ (Lauren Anne Dickason) ਸ਼ਨੀਵਾਰ ਸਵੇਰੇ ਤਿਮਾਰੂ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਈ ਹੈ, ਜਿਸ ਉੱਤੇ ਉਸ ਦੀਆਂ ਤਿੰਨ ਧੀਆਂ-ਮਾਇਆ, ਕਾਰਲਾ ਅਤੇ ਲੀਏਨ ਦੀ ਹੱਤਿਆ ਦਾ ਦੋਸ਼ ਹੈ। ਮੁਲਜ਼ਮ, ਮਹਿਲਾ ਨੇ ਅਜੇ ਤੱਕ ਪਟੀਸ਼ਨ ਦਰਜ ਨਹੀਂ ਕੀਤੀ ਹੈ, ਅਦਾਲਤ ਵਿੱਚ ਵੀ ਉਹ ਚੁੱਪਚਾਪ ਖੜ੍ਹੀ ਰਹੀ ਅਤੇ ਫਰਸ਼ ਵੱਲ ਵੇਖਦੀ ਰਹੀ। ਕੋਵਿਡ -19 ਪਾਬੰਦੀਆਂ ਦੇ ਕਾਰਨ ਜਨਤਾ ਦੇ ਕਿਸੇ ਵੀ ਮੈਂਬਰ ਜਾਂ ਸਮਰਥਕ ਲੋਕਾਂ ਨੂੰ ਅਦਾਲਤ ਵਿੱਚ ਪਹਿਲੀ ਪੇਸ਼ੀ ਦੌਰਾਨ ਅੰਦਰ ਆਉਣ ਦੀ ਆਗਿਆ ਨਹੀਂ ਸੀ।
ਜੱਜ ਡੋਮਿਨਿਕ ਦ੍ਰਾਵਿਤਸਕੀ ਨੇ ਸੈਕਸ਼ਨ 38 ਦੇ ਤਹਿਤ ਮਾਨਸਿਕ ਸਿਹਤ ਮੁਲਾਂਕਣ ਲਈ ਡਿਕਸਨ ਨੂੰ ਕ੍ਰਾਈਸਟਚਰਚ ਦੇ ਹਿਲਮੌਰਟਨ ਹਸਪਤਾਲ ਵਿੱਚ ਭੇਜ ਦਿੱਤਾ ਹੈ। ਆਰੋਪੀ ਮਹਿਲਾ ਅਗਲੀ ਵਾਰ 5 ਅਕਤੂਬਰ ਨੂੰ ਤਿਮਾਰੂ ਵਿਖੇ ਹਾਈ ਕੋਰਟ ਵਿੱਚ ਪੇਸ਼ ਹੋਏਗੀ। ਡਿਕਸਨ ‘ਤੇ ਸ਼ੁੱਕਰਵਾਰ ਨੂੰ ਤਿੰਨ ਭੈਣਾਂ-ਦੋ ਸਾਲਾ ਜੁੜਵਾਂ ਅਤੇ ਛੇ ਸਾਲਾਂ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ।