ਕੋਠੇ ਹਾਂਸ ਦੇ ਇੱਕ ਵਿਅਕਤੀ ਲਈ ਆਪਣੇ ਪੁੱਤਰ ਨੂੰ ਕੈਨੇਡਾ ਭੇਜਣ ਦਾ ਸੁਪਨਾ ਇੰਨਾ ਮਾੜਾ ਸਾਬਿਤ ਹੋਇਆ ਕਿ ਲੱਖਾਂ ਰੁਪਏ ਦੇ ਨਾਲ-ਨਾਲ ਉਸ ਦੇ ਪੁੱਤਰ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ। ਹੋਇਆ ਇੰਝ ਕਿ ਕੋਠੇ ਹਾਂਸ ਦਾ ਇੱਕ ਨੌਜਵਾਨ ਕੈਨੇਡਾ ਜਾਣਾ ਚਾਹੁੰਦਾ ਸੀ। ਆਪਣੇ ਪੁੱਤਰ ਨੂੰ ਕੈਨੇਡਾ ਭੇਜਣ ਲਈ ਪਿਤਾ ਨੇ ਉਸ ਦਾ ਵਿਆਹ ਆਈਲੈਟਸ ਪਾਸ ਕੁੜੀ ਨਾਲ ਕਰਵਾ ਦਿੱਤਾ। ਵਿਆਹ ਤੋਂ ਲੈ ਕੇ ਕੈਨੇਡਾ ਜਾਣ ਤੱਕ ਦਾ ਸਾਰਾ ਖਰਚਾ ਅਤੇ ਫੀਸਾਂ ਆਦਿ ਵੀ ਲੜਕੇ ਦੇ ਪਿਤਾ ਨੇ ਹੀ ਝੱਲੀਆਂ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਲੜਕੀ ਕੈਨੇਡਾ ਚਲੀ ਗਈ। ਉੱਥੇ ਜਾ ਕੇ ਉਸ ਨੇ ਆਪਣਾ ਅਸਲੀ ਰੰਗ ਦਿਖਾਇਆ ਅਤੇ ਆਪਣੇ ਪਤੀ ਨੂੰ ਧੋਖਾ ਦੇ ਦਿੱਤਾ। ਇੰਨਾ ਹੀ ਨਹੀਂ ਉਸ ਨੇ ਆਪਣੇ ਪਤੀ ਅਤੇ ਉਸ ਦੇ ਪਰਿਵਾਰ ਨਾਲ ਸੰਪਰਕ ਤੋੜ ਦਿੱਤਾ ਅਤੇ ਉਨ੍ਹਾਂ ਦੇ ਮੋਬਾਈਲ ਨੰਬਰ ਵੀ ਬਲੌਕ ਕਰ ਦਿੱਤੇ।
ਪੀੜਤ ਲੜਕੇ ਨੇ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ (ਸਹੁਰੇ) ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਦੋਸ਼ੀ ਪਤਨੀ ਅਤੇ ਉਸ ਦੇ ਮਾਤਾ-ਪਿਤਾ (ਲੜਕੇ ਦੇ ਸਹੁਰੇ ਅਤੇ ਸੱਸ) ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।