ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਇਨ੍ਹੀਂ ਦਿਨੀਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਦੱਸ ਦਈਏ ਕਿ ਇੱਕ ਹਫਤੇ ‘ਚ 7000 ਟਨ ਤੋਂ ਵੱਧ ਕੂੜਾ ਸੜਕਾਂ ‘ਤੇ ਸੁੱਟ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੈਰਿਸ ਤੋਂ ਇਲਾਵਾ ਇਸ ਦੇ ਆਸ-ਪਾਸ ਦੇ ਸ਼ਹਿਰਾਂ ‘ਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਇਹ ਹੜਤਾਲ ਫਰਾਂਸ ਵਿੱਚ ਨਵੀਂ ਪੈਨਸ਼ਨ ਸਕੀਮ ਅਤੇ ਸੇਵਾਮੁਕਤੀ ਦੀ ਉਮਰ ਵਧਾਉਣ ਨੂੰ ਲੈ ਕੇ ਹੈ। ਦਰਅਸਲ ਫਰਾਂਸ ਸਰਕਾਰ ਨਵੀਂ ਪੈਨਸ਼ਨ ਸਕੀਮ ਲਿਆਉਣ ਜਾ ਰਹੀ ਹੈ। ਜਿਸ ਕਾਰਨ ਸਫ਼ਾਈ ਸੇਵਕਾਂ ਦੀ ਸੇਵਾਮੁਕਤੀ ਦੀ ਉਮਰ ਵਧਾਈ ਜਾ ਰਹੀ ਹੈ। ਇਸ ਕਾਰਨ ਫਰਾਂਸ ਦੇ ਲੋਕ ਪਿਛਲੇ 2 ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਧਰਨੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਫ਼ਾਈ ਸੇਵਕ ਸ਼ਾਮਿਲ ਹੋਏ ਹਨ।
ਮੌਜੂਦਾ ਸਮੇਂ ਵਿੱਚ ਕੂੜਾ ਚੁੱਕਣ ਵਾਲੇ ਸਫ਼ਾਈ ਸੇਵਕਾਂ ਦੀ ਸੇਵਾਮੁਕਤੀ ਦੀ ਉਮਰ 57 ਸਾਲ ਹੈ। ਜਦੋਂ ਕਿ ਸੀਵਰ ਕਲੀਨਰ ਦੀ ਉਮਰ 52 ਸਾਲ ਹੈ। ਜੇਕਰ ਫਰਾਂਸ ਸਰਕਾਰ ਇਹ ਸਕੀਮ ਲੈ ਕੇ ਆਉਂਦੀ ਹੈ ਤਾਂ ਉੱਥੋਂ ਦੇ ਮੁਲਾਜ਼ਮਾਂ ਨੂੰ ਦੋ ਸਾਲ ਹੋਰ ਕੰਮ ਕਰਨਾ ਪਵੇਗਾ। ਜਿਸ ਦਾ ਮਤਲਬ ਹੈ ਕਿ ਸਵੀਪਰਾਂ ਨੂੰ 59 ਸਾਲ ਦੀ ਉਮਰ ਤੱਕ ਕੰਮ ਕਰਨਾ ਪਏਗਾ ਜਦਕਿ ਸੀਵਰ ਸਫਾਈ ਕਰਨ ਵਾਲਿਆਂ ਨੂੰ 54 ਸਾਲ ਦੀ ਉਮਰ ਤੱਕ ਕੰਮ ਕਰਨਾ ਪਏਗਾ।
ਸਫ਼ਾਈ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਦਾ ਅਸਰ ਉਨ੍ਹਾਂ ਦੀ ਸਾਰੀ ਉਮਰ ਤੱਕ ਰਹੇਗਾ। ਇਸ ਤੋਂ ਨਾਰਾਜ਼ ਫਰਾਂਸ ਦੇ ਸ਼ਹਿਰ ਦੇ ਮਜ਼ਦੂਰਾਂ ਨੇ ਕਈ ਸ਼ਹਿਰਾਂ ‘ਚ ਕੰਮ ‘ਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਇੱਕ ਮੀਡੀਆ ਰਿਪੋਰਟ ਮੁਤਾਬਿਕ ਸਫ਼ਾਈ ਸੇਵਕ ਦਿਨ ਵਿੱਚ ਕਰੀਬ 4 ਤੋਂ 5 ਘੰਟੇ ਸੀਵਰੇਜ ਦੇ ਅੰਦਰ ਹੀ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸਫ਼ਾਈ ਦੌਰਾਨ ਨਿਕਲਣ ਵਾਲੀ ਗੈਸ ਦੇ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਉਨ੍ਹਾਂ ਦੇ ਬੀਮਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਫਰਾਂਸੀਸੀ ਮੀਡੀਆ ਮੁਤਾਬਿਕ ਉਨ੍ਹਾਂ ਦੇ ਦੇਸ਼ ‘ਚ ਸੇਵਾਮੁਕਤੀ ਦੀ ਉਮਰ 62 ਤੋਂ ਵੱਧ ਕੇ 64 ਸਾਲ ਹੋਣ ਜਾ ਰਹੀ ਹੈ। ਅੱਜ ਯਾਨੀ 16 ਮਾਰਚ ਨੂੰ ਸਾਂਝੀ ਕਮੇਟੀ ਵੱਲੋਂ ਸੂਚਨਾ ਦੀ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਬਾਅਦ ਦੋਵਾਂ ਸਦਨਾਂ ‘ਚ ਇਸ ਵਿਸ਼ੇ ‘ਤੇ ਅੰਤਿਮ ਵੋਟਿੰਗ ਹੋਵੇਗੀ।