ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਤਾਂਡਵ ਜਾਰੀ ਹੈ। ਹੁਣ ਇਸ ਮਹਾਂਮਾਰੀ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 40 ਲੱਖ ਤੋਂ ਪਾਰ ਹੋ ਗਈ ਹੈ। ਜਦਕਿ ਹੁਣ ਤੱਕ, ਵਿਸ਼ਵ ਭਰ ਵਿੱਚ 18 ਕਰੋੜ ਤੋਂ ਵੱਧ ਦੀ ਆਬਾਦੀ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੀ ਹੈ। ਹਾਲਾਂਕਿ ਕਈ ਦੇਸ਼ਾਂ ਵਿੱਚ ਕੋਰੋਨਾ ਮਾਮਲੇ ਘੱਟ ਰਹੇ ਹਨ ਪਰ ਦੁਨੀਆ ਵਿੱਚ ਹਾਲੇ ਵੀ ਇੱਕ ਕਰੋੜ ਤੋਂ ਵੱਧ ਸਰਗਰਮ ਮਾਮਲੇ ਸਾਹਮਣੇ ਆ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹਨ। ਵਿਸ਼ਵ ਭਰ ਦੇ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੇ ਸਾਹਮਣੇ ਆਉਣ ਨਾਲ ਚਿੰਤਾਵਾਂ ਵਿੱਚ ਹੋਰ ਵਾਧਾ ਵੀ ਹੋ ਗਿਆ ਹੈ।
ਦਰਅਸਲ, ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਕਾਰਨ ਹੋਈਆਂ 40 ਲੱਖ ਮੌਤਾਂ ‘ਤੇ ਆਪਣਾ ਬਿਆਨ ਜਾਰੀ ਕੀਤਾ ਹੈ । ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਨੇ ਕਿਹਾ ਕਿ ਇਸ ਮਹਾਂਮਾਰੀ ਵਿੱਚ ਦੁਨੀਆ ਇੱਕ ਖ਼ਤਰਨਾਕ ਸਥਿਤੀ ਵਿੱਚ ਹੈ। ਹੁਣ ਤੱਕ ਦੁਨੀਆ ਵਿੱਚ 40 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ । ਉਨ੍ਹਾਂ ਕਿਹਾ ਕਿ ਕੁੱਝ ਦੇਸ਼ਾਂ ਵਿੱਚ ਜਿੱਥੇ ਕੋਰੋਨਾ ਵਿਰੁੱਧ ਟੀਕਾਕਰਨ ਤੇਜ਼ੀ ਨਾਲ ਕੀਤਾ ਗਿਆ ਸੀ, ਲੋਕ ਸਮਝਣ ਲੱਗ ਪਏ ਕਿ ਉੱਥੇ ਕੋਰੋਨਾ ਮਹਾਂਮਾਰੀ ਖਤਮ ਹੋ ਗਈ ਹੈ । ਇਸਦੇ ਨਾਲ ਹੀ ਘੱਟ ਟੀਕਾਕਰਨ ਵਾਲੇ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਵੱਧਣੇ ਸ਼ੁਰੂ ਹੋ ਗਏ ਹਨ। WHO ਦੇ ਮੁਖੀ ਟੇਡਰੋਸ ਨੇ ਕਿਹਾ ਕਿ ਵਿਸ਼ਵ ਕੋਰੋਨਾ ਮਹਾਂਮਾਰੀ ਦੇ ਇੱਕ ਖ਼ਤਰਨਾਕ ਮੋੜ ‘ਤੇ ਹੈ। ਉਨ੍ਹਾਂ ਕਿਹਾ ਕਿ 40 ਲੱਖ ਦਾ ਅੰਕੜਾ ਮੌਤਾਂ ਦੀ ਅਸਲ ਗਿਣਤੀ ਤੋਂ ਘੱਟ ਹੈ । ਇਸ ਦੌਰਾਨ ਉਨ੍ਹਾਂ ਨੇ ਵੈਕਸੀਨ ਤੇ ਸੁਰੱਖਿਆ ਉਪਕਰਣਾਂ ਦੀ ਜਮ੍ਹਾਖੋਰੀ ਕਰ ਰਹੇ ਅਮੀਰ ਦੇਸ਼ਾਂ ਦੀ ਅਲੋਚਨਾ ਵੀ ਕੀਤੀ। ਜੇਕਰ ਦੁਨੀਆ ਭਰ ਦੇ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਗੱਲ ਕਰੀਏ ਤਾਂ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।