ਮੁੱਖ ਮੰਤਰੀ ਭਗਵੰਤ ਸਿੰਘ ਮਾਨ 48 ਵਰ੍ਹਿਆਂ ਦੀ ਉਮਰ ਵਿੱਚ ਕੱਲ੍ਹ 7 ਜੁਲਾਈ ਨੂੰ ਦੂਜਾ ਵਿਆਹ ਕਰਨ ਜਾ ਰਹੇ ਹਨ। ਇਹ ਵਿਆਹ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ’ਤੇ ਹੋਵੇਗਾ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਪੰਜਾਬ ਦੀ ਸਮੁੱਚੀ ਕੈਬਨਿਟ ਤੋਂ ਇਲਾਵਾ ਕੁੱਝ ਸੀਨੀਅਰ ਆਗੂਆਂ ਨੂੰ ਹੀ ਸੱਦਾ ਦਿੱਤਾ ਗਿਆ ਹੈ। ਜਿਸ ਕੁੜੀ ਨਾਲ ਭਗਵੰਤ ਮਾਨ ਦਾ ਵਿਆਹ ਹੋਣ ਜਾ ਰਿਹਾ ਹੈ, ਉਨ੍ਹਾਂ ਦਾ ਨਾਮ ਗੁਰਪ੍ਰੀਤ ਕੌਰ ਹੈ ਅਤੇ ਉਹ ਪੇਸ਼ੇ ਵਜੋਂ ਡਾਕਟਰ ਹਨ। ਦੱਸਿਆ ਜਾ ਰਿਹਾ ਹੈ ਕਿ ਡਾ. ਗੁਰਪ੍ਰੀਤ ਕੌਰ ਹਰਿਆਣਾ ਦੇ ਪਿਹੋਵਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਇਸ ਰਿਸ਼ਤੇ ਨੂੰ ਭਗਵੰਤ ਮਾਨ ਹੁਰਾਂ ਦੀ ਮਾਂ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਹੀ ਤੈਅ ਕੀਤਾ ਹੈ। ਪਰਿਵਰ ਦੇ ਕਹਿਣ ’ਤੇ ਹੀ ਮੁੱਖ ਮੰਤਰੀ ਨੇ ਵਿਆਹ ਲਈ ਸਹਿਮਤੀ ਪ੍ਰਗਟਾਈ ਹੈ। ਦੱਸਿਆ ਜਾ ਰਿਹਾ ਹੈ ਕਿ ਡਾ. ਗੁਰਪ੍ਰੀਤ ਕੌਰ ਦੀ ਮਾਨ ਦੀ ਭੈਣ ਮਨਪ੍ਰੀਤ ਕੌਰ ਨਾਲ ਪਹਿਲਾਂ ਦੀ ਜਾਣ-ਪਛਾਣ ਹੈ।
ਦੱਸਿਆ ਜਾ ਰਿਹਾ ਹੈ ਕਿ ਡਾਕਟਰ ਗੁਰਪ੍ਰੀਤ ਕੌਰ ਹੁਣੀ 3 ਭੈਣਾਂ ਹਨ। ਗੁਰਪ੍ਰੀਤ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ ਜਦਕਿ ਭਗਵੰਤ ਮਾਨ 48 ਸਾਲ ਦੇ ਹਨ। ਭਾਵ ਗੁਰਪ੍ਰੀਤ ਕੌਰ ਭਗਵੰਤ ਮਾਨ ਤੋਂ 16 ਸਾਲ ਛੋਟੀ ਹੈ। ਹਾਲਾਂਕਿ ਡਾਕਟਰ ਗੁਰਪ੍ਰੀਤ ਕੌਰ ਦੀ ਉਮਰ ਬਾਰੇ ਅਜੇ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਹ ਇੱਕ ਸਧਾਰਨ ਪਰਿਵਾਰ ਤੋਂ ਹਨ ਅਤੇ ਉਨ੍ਹਾਂ ਦੀਆਂ ਦੋ ਹੋਰ ਵੱਡੀਆਂ ਭੈਣਾਂ ਹਨ। ਗੁਰਪ੍ਰੀਤ ਆਪਣੀਆਂ ਭੈਣਾਂ ‘ਚ ਸਭ ਤੋਂ ਛੋਟੇ ਹਨ। ਗੁਰਪ੍ਰੀਤ ਨੇ 2017 ‘ਚ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ ਸੀ। ਉਨ੍ਹਾਂ ਆਪਣੀ ਪੜ੍ਹਾਈ ਅੰਬਾਲਾ ਦੇ ਇੱਕ ਕਾਲਜ ਤੋਂ ਪੂਰੀ ਕੀਤੀ ਹੈ।
ਡਾਕਟਰ ਗੁਰਪ੍ਰੀਤ ਕੌਰ ਨੂੰ ਕਈ ਵਾਰ ਭਗਵੰਤ ਮਾਨ ਦੇ ਘਰ ਦੇਖਿਆ ਗਿਆ ਹੈ। ਪਿਛਲੇ ਸਮੇਂ ਤੋਂ ਉਹ ਕਈ ਵਾਰ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਆ ਚੁੱਕੇ ਹਨ ਅਤੇ ਭਗਵੰਤ ਮਾਨ ਦੇ ਘਰ ਆਉਂਦੇ-ਜਾਂਦੇ ਰਹਿੰਦੇ ਹਨ। ਭਗਵੰਤ ਮਾਨ ਅਤੇ ਗੁਰਪ੍ਰੀਤ ਦੇ ਵਿਆਹ ਨੂੰ ਇੰਨਾ ਗੁਪਤ ਰੱਖਿਆ ਗਿਆ ਸੀ ਕਿ ਕਿਸੇ ਨੂੰ ਪਤਾ ਨਹੀਂ ਸੀ। ਪਿਛਲੇ ਦਿਨਾਂ ਤੋਂ ਭਗਵੰਤ ਮਾਨ ਦੇ ਮਾਤਾ ਜੀ ਅਤੇ ਭੈਣ ਗੁਰਪ੍ਰੀਤ ਨਾਲ ਬਜ਼ਾਰ ‘ਚ ਖਰੀਦਦਾਰੀ ਕਰਦੀਆਂ ਨਜ਼ਰ ਆਈਆਂ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਦੋਵਾਂ ਦੇ ਵਿਆਹ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਦੇ ਵਿਆਹ ਲਈ ਲਹਿੰਗਾ, ਸੂਟ, ਗਹਿਣੇ ਸਭ ਕੁਝ ਭਗਵੰਤ ਦੀ ਮਾਂ ਅਤੇ ਭੈਣ ਨੇ ਗੁਰਪ੍ਰੀਤ ਨਾਲ ਮਿਲ ਕੇ ਖਰੀਦਿਆ ਹੈ। ਭਗਵੰਤ ਮਾਨ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਸਭ ਕੁਝ ਤੈਅ ਹੋ ਗਿਆ ਸੀ ਪਰ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਕਾਰਨ ਇਹ ਵਿਆਹ ਮੁਲਤਵੀ ਹੋ ਗਿਆ ਸੀ। ਭਗਵੰਤ ਮਾਨ ਭਾਵੇਂ ਹਾਈ ਪ੍ਰੋਫਾਈਲ ਹੈ ਪਰ ਉਨ੍ਹਾਂ ਦਾ ਵਿਆਹ ਲੋਅ ਪ੍ਰੋਫਾਈਲ ਹੋ ਰਿਹਾ ਹੈ। ਭਗਵੰਤ ਮਾਨ ਆਪਣੇ ਵਿਆਹ ਦਾ ਖਰਚਾ ਖੁਦ ਚੁੱਕ ਰਹੇ ਹਨ। ਉਨ੍ਹਾਂ ਦੇ ਵਿਆਹ ਲਈ ਸਰਕਾਰੀ ਪੈਸੇ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ।