ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਕਾਫੀ ਮਸ਼ਹੂਰ ਹੈ। WhatsApp ਉਪਭੋਗਤਾਵਾਂ ਦੇ ਅਨੁਭਵ ਨੂੰ ਵਧਾਉਣ ਲਈ ਨਵੇਂ ਫੀਚਰ ਜਾਰੀ ਕਰਨ ਤੋਂ ਇਲਾਵਾ, ਕਈ ਖਾਤਿਆਂ ‘ਤੇ ਕਾਰਵਾਈ ਵੀ ਕਰਦਾ ਰਹਿੰਦਾ ਹੈ। ਹੁਣ WhatsApp ਨੇ ਭਾਰਤ ਵਿੱਚ 18 ਲੱਖ ਤੋਂ ਵੱਧ ਖਾਤੇ ਬੰਦ ਕਰ ਦਿੱਤੇ ਹਨ। ਵਟਸਐਪ ਨੇ ਮਾਰਚ 2022 ਦੀ ਆਪਣੀ ਰਿਪੋਰਟ ਜਾਰੀ ਕੀਤੀ ਹੈ। ਦੱਸਿਆ ਗਿਆ ਹੈ ਕਿ 1 ਮਾਰਚ ਤੋਂ 31 ਮਾਰਚ ਤੱਕ ਵਟਸਐਪ ਨੇ 18 ਲੱਖ ਤੋਂ ਜ਼ਿਆਦਾ ਖਾਤਿਆਂ ਨੂੰ ਬੈਨ ਕੀਤਾ ਹੈ। ਇਹ ਅੰਕੜਾ ਫਰਵਰੀ ਮਹੀਨੇ ਨਾਲੋਂ ਕਰੀਬ 8 ਲੱਖ ਤੋਂ ਵੱਧ ਹੈ।
ਵਟਸਐਪ ਨੇ ਫਰਵਰੀ ਮਹੀਨੇ ‘ਚ ਕਰੀਬ 10 ਲੱਖ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਕੰਪਨੀ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ IT ਨਿਯਮ 2021 ਦਾ ਪਾਲਣ ਕਰਦੇ ਹੋਏ ਇਹ ਰਿਪੋਰਟ ਜਾਰੀ ਕੀਤੀ ਗਈ ਹੈ। ਮਾਰਚ ਮਹੀਨੇ ਦੀ ਰਿਪੋਰਟ ਵੀ ਜਾਰੀ ਕਰ ਦਿੱਤੀ ਗਈ ਹੈ। ਕੰਪਨੀ ਨੇ ਅੱਗੇ ਕਿਹਾ ਕਿ ਉਪਭੋਗਤਾਵਾਂ ਦੀ ਸੁਰੱਖਿਆ ਮਹੱਤਵਪੂਰਨ ਹੈ। ਇਸ ਕਾਰਨ ਯੂਜ਼ਰਸ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਕੰਪਨੀ ਨੇ ਇਨ੍ਹਾਂ ਖਾਤਿਆਂ ‘ਤੇ ਕਾਰਵਾਈ ਕੀਤੀ ਹੈ। ਇਹ ਪਲੇਟਫਾਰਮ ‘ਤੇ ਦੁਰਵਿਵਹਾਰ ਨਾਲ ਲੜਨ ਵਿੱਚ ਮਦਦ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਖਾਤਿਆਂ ਨੂੰ ਨੁਕਸਾਨਦੇਹ ਗਤੀਵਿਧੀਆਂ ‘ਚ ਸ਼ਾਮਿਲ ਹੋਣ ਕਾਰਨ ਬੈਨ ਕੀਤਾ ਗਿਆ ਹੈ।
ਇਸ ਵਿੱਚ ਹਰਾਸਮੇਂਟ, ਫਰਜ਼ੀ ਜਾਣਕਾਰੀ ਨੂੰ ਅੱਗੇ ਭੇਜਣਾ ਜਾਂ ਦੂਜੇ ਉਪਭੋਗਤਾਵਾਂ ਦੇ ਨਾਮ ‘ਤੇ ਖਾਤਿਆਂ ਦੀ ਵਰਤੋਂ ਕਰਨਾ ਸ਼ਾਮਿਲ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਇੰਸਟੈਂਟ ਮੈਸੇਜਿੰਗ ਐਪ ਲਗਾਤਾਰ ਅਜਿਹੀਆਂ ਕਾਰਵਾਈਆਂ ਕਰ ਰਿਹਾ ਹੈ। ਪਿਛਲੇ 1 ਸਾਲ ਤੋਂ, ਕੰਪਨੀ ਨੇ ਫਰਜ਼ੀ ਜਾਣਕਾਰੀ ਨੂੰ ਫੈਲਣ ਤੋਂ ਰੋਕਣ ਲਈ ਕਈ ਫੀਚਰ ਜਾਰੀ ਕੀਤੇ ਹਨ। WhatsApp ਨੇ ਐਪ ਦੀ ਨੀਤੀ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਕਾਰਨ ਇਨ੍ਹਾਂ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਖਾਤਿਆਂ ‘ਤੇ ਜਾਅਲੀ ਜਾਣਕਾਰੀ, ਸ਼ੱਕੀ ਲਿੰਕ ਜਾਂ ਅਣ-ਪ੍ਰਮਾਣਿਤ ਫਾਰਵਰਡ ਕੀਤੇ ਸੰਦੇਸ਼ਾਂ ਨੂੰ ਫੈਲਾਉਣ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਗਤੀਵਿਧੀ ਕਰਦੇ ਹੋ, ਤਾਂ ਤੁਹਾਡੇ ਵਟਸਐਪ ਅਕਾਊਂਟ ਨੂੰ ਵੀ ਬੈਨ ਕੀਤਾ ਜਾ ਸਕਦਾ ਹੈ।