ਕੇਰਲ ਦੇ ਵਾਇਨਾਡ ‘ਚ ਦੋ ਦਿਨ ਪਹਿਲਾਂ ਹੋਈ ਤੇਜ਼ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ। ਇੱਥੇ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਜ਼ਮੀਨ ਖਿਸਕਣ ਨਾਲ ਹੁਣ ਤੱਕ 254 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸੈਂਕੜੇ ਲੋਕ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਵਾਇਨਾਡ ਤੋਂ ਆ ਰਹੀਆਂ ਤਸਵੀਰਾਂ ਉਥੋਂ ਦੇ ਹਾਲਾਤ ਦੀ ਕਹਾਣੀ ਬਿਆਨ ਕਰ ਰਹੀਆਂ ਹਨ। ਇਸ ਦੌਰਾਨ ਕਈ ਮਲਿਆਲਮ ਅਦਾਕਾਰਾਂ ਨੇ ਲੈਂਡਸਲਾਈਡ ਦੇ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਾਨ ਦਿੱਤਾ ਹੈ। ਮਲਿਆਲਮ ਸੁਪਰਸਟਾਰ ਮਾਮੂਟੀ ਅਤੇ ਉਸ ਦੇ ਪੁੱਤਰ ਦੁਲਕਰ ਸਲਮਾਨ ਨੇ ਕ੍ਰਮਵਾਰ 25 ਲੱਖ ਅਤੇ 15 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ।
ਇਸ ਦੇ ਨਾਲ ਹੀ ਮਾਮੂਟੀ ਦਾ ਚੈਰੀਟੇਬਲ ਟਰੱਸਟ ਵੀ ਲੋੜਵੰਦ ਲੋਕਾਂ ਦੀ ਮਦਦ ਕਰ ਰਿਹਾ ਹੈ। ਉਹ ਲੈਂਡਸਲਾਈਡ ਦੇ ਪੀੜਤਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਵਿੱਚ ਵੀ ਰੁੱਝਿਆ ਹੋਇਆ ਹੈ। ਇਸ ਵਿੱਚ ਖਾਣ-ਪੀਣ ਦੀਆਂ ਵਸਤੂਆਂ, ਦਵਾਈਆਂ, ਕੱਪੜੇ ਅਤੇ ਹੋਰ ਜ਼ਰੂਰੀ ਵਸਤਾਂ ਵੀ ਸ਼ਾਮਿਲ ਹਨ। ਮਾਮੂਟੀ ਅਤੇ ਦੁਲਕਰ ਸਲਮਾਨ ਤੋਂ ਬਾਅਦ, ਫਹਾਦ ਫਾਸਿਲ ਅਤੇ ਉਨ੍ਹਾਂ ਦੀ ਪਤਨੀ ਨਜ਼ਰੀਆ ਨਾਜ਼ਿਮ ਨੇ ਵੀ ਲੋੜਵੰਦ ਲੋਕਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ 25 ਲੱਖ ਰੁਪਏ ਦਾਨ ਕੀਤੇ ਹਨ। ਇਸ ਦੇ ਨਾਲ ਹੀ ‘ਐਨੀਮਲ’ ਦੀ ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਵੀ ਪੀੜਤ ਲੋਕਾਂ ਲਈ ਮਦਦ ਦਾ ਹੱਥ ਵਧਾਇਆ ਹੈ। ਅਦਾਕਾਰਾ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 10 ਲੱਖ ਰੁਪਏ ਦਾਨ ਕੀਤੇ ਹਨ।