ਜ਼ਿੰਬਾਬਵੇ ਦੇ ਖਿਲਾਫ 18 ਅਗਸਤ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਿਆ ਹੈ। ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਜ਼ਿੰਬਾਬਵੇ ਰਵਾਨਾ ਹੋਣ ਤੋਂ ਪਹਿਲਾਂ ਜ਼ਖਮੀ ਹੋ ਗਏ ਹਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਸੁੰਦਰ ਦੀ ਸੱਟ ਕਿੰਨੀ ਗੰਭੀਰ ਹੈ। ਇਸ ਨਾਲ ਸੁੰਦਰ ਦਾ ਜ਼ਿੰਬਾਬਵੇ ਖਿਲਾਫ ਸੀਰੀਜ਼ ‘ਚ ਖੇਡਣਾ ਹੁਣ ਖਤਰੇ ‘ਚ ਹੈ। ਵਾਸ਼ਿੰਗਟਨ ਸੁੰਦਰ ਪਿਛਲੇ ਦੋ ਸਾਲਾਂ ਤੋਂ ਸੱਟਾਂ ਨਾਲ ਜੂਝ ਰਹੇ ਹਨ। ਹਾਲ ਹੀ ‘ਚ ਸੁੰਦਰ ਨੇ ਕਾਊਂਟੀ ਕ੍ਰਿਕਟ ਰਾਹੀਂ ਕ੍ਰਿਕਟ ਦੇ ਮੈਦਾਨ ‘ਚ ਵਾਪਸੀ ਕੀਤੀ ਹੈ। ਕਾਊਂਟੀ ‘ਚ ਸੁੰਦਰ ਗੇਂਦ ਨਾਲ ਕਮਾਲ ਕਰ ਰਿਹਾ ਸੀ ਅਤੇ ਉਸ ਨੇ ਆਪਣੇ ਪਹਿਲੇ ਮੈਚ ‘ਚ ਹੀ ਪੰਜ ਤੋਂ ਜ਼ਿਆਦਾ ਵਿਕਟਾਂ ਲਈਆਂ ਸਨ। ਇੰਨਾ ਹੀ ਨਹੀਂ ਕਾਊਂਟੀ ਕ੍ਰਿਕਟ ਦੌਰਾਨ ਵੀ ਉਨ੍ਹਾਂ ਦਾ ਬੱਲਾ ਚੱਲਿਆ ਅਤੇ ਉਨ੍ਹਾਂ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ।
ਪਰ ਹੁਣ ਸੁੰਦਰ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੁੰਦਰ ਰਾਇਲ ਲੰਡਨ ਵਨ ਡੇ ਕੱਪ ‘ਚ ਲੰਕਾਸ਼ਾਇਰ ਅਤੇ ਵਰਸੇਸਟਰਸ਼ਾਇਰ ਵਿਚਾਲੇ ਖੇਡੇ ਜਾ ਰਹੇ ਮੈਚ ‘ਚ ਹਿੱਸਾ ਲੈ ਰਿਹਾ ਸੀ। ਸੁੰਦਰ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋਇਆ ਹੈ। ਉਸ ਸਮੇਂ ਸੁੰਦਰ ਨੂੰ ਇੰਨਾ ਦਰਦ ਸੀ ਕਿ ਉਸ ਨੂੰ ਮੈਦਾਨ ਤੋਂ ਬਾਹਰ ਕਰਨਾ ਪਿਆ। ਸੁੰਦਰ ਦੀ ਟੀਮ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਉਹ ਇਸ ਮੈਚ ‘ਚ ਗੇਂਦਬਾਜ਼ੀ ਨਹੀਂ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ 2020 ਦੇ IPL ਤੋਂ ਬਾਅਦ ਵਾਸ਼ਿੰਗਟਨ ਸੁੰਦਰ ਟੀਮ ਇੰਡੀਆ ਦਾ ਅਹਿਮ ਹਿੱਸਾ ਬਣ ਗਏ ਸਨ। ਸੁੰਦਰ ਨੇ ਆਸਟ੍ਰੇਲੀਆ ਦੌਰੇ ‘ਤੇ ਗਾਬਾ ਦੀ ਇਤਿਹਾਸਕ ਮੈਚ ਜਿੱਤ ‘ਚ ਬੱਲੇ ਅਤੇ ਗੇਂਦ ਨਾਲ ਅਹਿਮ ਯੋਗਦਾਨ ਪਾਇਆ ਸੀ। ਇਸ ਤੋਂ ਬਾਅਦ ਇੰਗਲੈਂਡ ਖਿਲਾਫ ਖੇਡੀ ਗਈ ਟੈਸਟ ਸੀਰੀਜ਼ ‘ਚ ਵੀ ਸੁੰਦਰ ਦਾ ਪ੍ਰਦਰਸ਼ਨ ਚੰਗਾ ਰਿਹਾ।
ਪਰ ਇਸ ਤੋਂ ਬਾਅਦ ਹੀ ਸੁੰਦਰ ਨੂੰ ਸੱਟਾਂ ਨਾਲ ਜੂਝਣਾ ਪਿਆ। ਇਸ ਸਾਲ ਆਈਪੀਐੱਲ ਦੌਰਾਨ ਸੁੰਦਰ ਨੂੰ ਵੀ ਸੱਟ ਲੱਗ ਗਈ ਸੀ। ਇੰਨਾ ਹੀ ਨਹੀਂ ਸੁੰਦਰ ਇਸ ਤੋਂ ਬਾਅਦ ਭਾਰਤ ਲਈ ਕਿਸੇ ਵੀ ਸੀਰੀਜ਼ ਦਾ ਹਿੱਸਾ ਨਹੀਂ ਬਣ ਸਕੇ ਹਨ। ਜੇਕਰ ਸੁੰਦਰ ਆਪਣੀ ਸੱਟ ਤੋਂ ਜਲਦੀ ਠੀਕ ਨਹੀਂ ਹੁੰਦੇ ਹਨ ਤਾਂ ਉਨ੍ਹਾਂ ਲਈ ਟੀਮ ਇੰਡੀਆ ‘ਚ ਵਾਪਸੀ ਕਰਨਾ ਕਾਫੀ ਮੁਸ਼ਕਿਲ ਹੋ ਜਾਵੇਗਾ।