ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਸ਼ੁਰੂ ਹੋਣ ਪਹਿਲਾ ਭਾਰਤੀ ਟੀਮ ਨੂੰ ਇੱਕ ਵੱਡਾ ਝੱਟਕਾ ਲੱਗਿਆ ਹੈ। ਦਰਅਸਲ ਆਸਟ੍ਰੇਲੀਆ ਦੌਰੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਟੀਮ ਇੰਡੀਆ ਦਾ ਆਫ ਸਪਿਨਰ ਵਾਸ਼ਿੰਗਟਨ ਸੁੰਦਰ ਭਾਰਤ-ਇੰਗਲੈਂਡ ਟੈਸਟ ਸੀਰੀਜ਼ ਤੋਂ ਬਾਹਰ ਹੋ ਗਿਆ ਹੈ। ਉਹ ਭਾਰਤ ਦੇ ਪਹਿਲੇ ਦਰਜੇ ਦੇ ਅਭਿਆਸ ਮੈਚ ਦੌਰਾਨ ਕਾਉਂਟੀ ਇਲੈਵਨ ਲਈ ਖੇਡਦੇ ਸਮੇਂ ਜ਼ਖਮੀ ਹੋ ਗਿਆ ਸੀ। ਮੈਚ ਦੇ ਦੂਜੇ ਦਿਨ ਵਾਸ਼ਿੰਗਟਨ ਦੀ ਉਂਗਲ ‘ਤੇ ਮੁਹੰਮਦ ਸਿਰਾਜ ਦੀ ਗੇਂਦ ਲੱਗਣ ਕਾਰਨ ਫ੍ਰੈਕਚਰ ਹੋ ਗਿਆ ਸੀ। ਸ਼ੁਭਮਨ ਗਿੱਲ ਅਤੇ ਆਵੇਸ਼ ਖਾਨ ਤੋਂ ਬਾਅਦ ਵਾਸ਼ਿੰਗਟਨ ਸੁੰਦਰ ਇਸ ਦੌਰੇ ‘ਤੇ ਜ਼ਖਮੀ ਹੋਣ ਵਾਲਾ ਤੀਜਾ ਖਿਡਾਰੀ ਹੈ।
ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਹਾਂ, ਵਾਸ਼ੀ (ਵਾਸ਼ਿੰਗਟਨ) ਦੀ ਵੀ ਉਂਗਲ ਵਿੱਚ ਅਵੇਸ਼ ਦੀ ਤਰ੍ਹਾਂ ਫ੍ਰੈਕਚਰ ਹੈ। ਆਵੇਸ਼ ਦੇ ਅੰਗੂਠੇ ਦੀ ਹੱਡੀ ਆਪਣੀ ਜਗ੍ਹਾ ਤੋਂ ਖਿਸਕ ਗਈ ਹੈ। ਦੋਵੇਂ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ ਅਤੇ ਘਰ ਪਰਤਣਗੇ।” ਮੀਡੀਆ ਰਿਪੋਰਟਸ ਅਨੁਸਾਰ ਉਸ ਨੂੰ ਦੁਬਾਰਾ ਗੇਂਦਬਾਜ਼ੀ ਕਰਨ ‘ਚ ਲੱਗਭਗ ਪੰਜ ਹਫਤੇ ਲੱਗਣਗੇ ਅਤੇ ਇੱਥੇ ਰਹਿਣ ਨਾਲ ਉਸ ਨੂੰ ਕੋਈ ਲਾਭ ਨਹੀਂ ਹੋਏਗਾ।” ਹੁਣ ਜਲਦੀ ਹੀ ਉਸ ਖਿਡਾਰੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ ਜੋ ਭਾਰਤੀ ਟੀਮ ‘ਚ ਉਸ ਦੀ ਜਗ੍ਹਾ ‘ਤੇ ਸ਼ਾਮਿਲ ਹੋਵੇਗਾ।