ਇੰਗਲੈਂਡ ਦੇ ਕਾਊਂਟੀ ਕ੍ਰਿਕਟ ‘ਚ ਭਾਰਤੀ ਖਿਡਾਰੀਆਂ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਵੱਲੋਂ ਚੇਤੇਸ਼ਵਰ ਪੁਜਾਰਾ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ, ਨਵਦੀਪ ਸੈਣੀ ਅਤੇ ਉਮੇਸ਼ ਯਾਦਵ ਕਾਊਂਟੀ ਕ੍ਰਿਕਟ ਵਿੱਚ ਹਿੱਸਾ ਲੈ ਰਹੇ ਹਨ। ਭਾਰਤ ਦੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੇ ਆਪਣੇ ਕਾਊਂਟੀ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਵਾਸ਼ਿੰਗਟਨ ਸੁੰਦਰ ਨੇ ਮੰਗਲਵਾਰ ਨੂੰ ਆਪਣੇ ਕਾਉਂਟੀ ਡੈਬਿਊ ‘ਤੇ ਲੈਂਕਾਸ਼ਾਇਰ ਲਈ ਨੌਰਥੈਂਪਟਨਸ਼ਾਇਰ ਖਿਲਾਫ 69 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਹਨ।
ਸੁੰਦਰ ਨੇ ਵਿਲ ਯੰਗ, ਰੌਬ ਕੀਓ, ਰਿਆਨ ਰਿਕਲਟਨ ਅਤੇ ਟਾਮ ਟੇਲਰ ਦੀਆਂ ਵਿਕਟਾਂ ਲਈਆਂ। ਮੈਦਾਨ ‘ਤੇ ਸੁੰਦਰ ਦੀ ਸ਼ਾਨਦਾਰ ਵਾਪਸੀ ਭਾਰਤ ਲਈ ਵੱਡੀ ਰਾਹਤ ਦੀ ਖਬਰ ਹੈ। ਸੁੰਦਰ ਨੇ ਆਪਣਾ ਆਖਰੀ ਫਰਸਟ ਕਲਾਸ ਮੈਚ ਪਿਛਲੇ ਸਾਲ ਜੁਲਾਈ ‘ਚ ਖੇਡਿਆ ਸੀ। ਉਹ ਭਾਰਤ ਲਈ ਤਿੰਨੋਂ ਫਾਰਮੈਟਾਂ ਵਿੱਚ ਖੇਡ ਚੁੱਕਾ ਹੈ। ਹਾਲਾਂਕਿ ਸੁੰਦਰ ਇਨ੍ਹੀਂ ਦਿਨੀਂ ਫਿਟਨੈੱਸ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਟੀਮ ਇੰਡੀਆ ਦਾ ਹਿੱਸਾ ਨਹੀਂ ਹੈ। ਪਰ ਸੁੰਦਰ ਦੇ ਕੋਲ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ‘ਚ ਦਾਅਵਾ ਠੋਕਣ ਦਾ ਸੁਨਹਿਰੀ ਮੌਕਾ ਹੈ।