ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿੱਚ ਸੂਬਾ ਸਰਕਾਰ ਦਾ ਪਹਿਲਾ ਪੂਰਾ ਬਜਟ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਜਟ ਤੋਂ ਬਾਅਦ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਵਾਲੀਆ ਹੋਣ ਦੀ ਕਗਾਰ ‘ਤੇ ਹੈ, ਪਰ ਸੂਬਾ ਸਰਕਾਰ ਕੋਲ ਪੰਜਾਬ ਨੂੰ ਬਚਾਉਣ ਲਈ ਕੋਈ ਵਿਜ਼ਨ ਨਹੀਂ ਹੈ।
ਰਾਜਾ ਵੜਿੰਗ ਨੇ ਸਾਲ 2023-24 ਦੇ ਬਜਟ ਨੂੰ ‘ਆਪ’ ਦੀ ਪੰਜਾਬ ਸਰਕਾਰ ਦੀ ਨਿਰਾਸ਼ਾ ਅਤੇ ਅਸਫਲਤਾ ਦਾ ਕਬੂਲਨਾਮਾ ਕਰਾਰ ਦਿੱਤਾ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਰੇਤ ਦੀਆ ਖੱਡਾਂ ਤੋਂ 20,000 ਕਰੋੜ ਰੁਪਏ ਕਮਾਉਣ ਦੇ ਦਾਅਵੇ ‘ਤੇ ਤੰਜ ਕਸਦਿਆਂ ਵੜਿੰਗ ਨੇ ਕਿਹਾ ਕਿ ਬਜਟ ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਸੂਬੇ ਨੂੰ ਰੇਤ ਦੀ ਖੁਦਾਈ ਤੋਂ ਸਿਰਫ 153 ਕਰੋੜ ਰੁਪਏ ਦੀ ਕਮਾਈ ਹੋਈ ਸੀ ਜਾਂ ਤਾਂ ਪੰਜਾਬ ਸਰਕਾਰ ਨੇ ਬਾਕੀ ਬਚਦੀ ਰਕਮ ਜੇਬ ਵਿੱਚ ਪਾ ਲਈ ਜਾਂ ਫਿਰ ਰੇਤ ਖਨਨ ਤੋਂ ਹੋਣ ਵਾਲੀ ਆਮਦਨ ‘ਤੇ ਝੂਠ ਬੋਲਣ ਲਈ ਸਰਕਾਰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗੇ।
ਵੜਿੰਗ ਨੇ ਵਿਅੰਗਮਈ ਢੰਗ ਨਾਲ ਪੁੱਛਿਆ ਕਿ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਤੋਂ ਬਚਾਉਣ ਲਈ 34,000 ਕਰੋੜ ਰੁਪਏ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ‘ਆਪ’ ਸਰਕਾਰ ਨੂੰ ਪੰਜਾਬ ਦੀ ਹਰ ਔਰਤ ਅਤੇ ਲੜਕੀ ਨੂੰ 1000 ਰੁਪਏ ਦੇਣ ਦਾ ਵਾਅਦਾ ਵੀ ਯਾਦ ਕਰਵਾਇਆ, ਜਿਸ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ। ਰਾਜਾ ਵੜਿੰਗ ਨੇ 5 ਸਾਲਾਂ ‘ਚ ਕਾਲਜ ਕਰਜ਼ੇ ਦੀ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਇੱਕ ਸਾਲ ‘ਚ 31 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ, ਜਦਕਿ ਕਾਂਗਰਸ ਸਰਕਾਰ ਨੇ ਔਸਤਨ 15 ਹਜ਼ਾਰ ਕਰੋੜ ਰੁਪਏ ਪ੍ਰਤੀ ਸਾਲ ਅਤੇ 5 ਸਾਲਾਂ ‘ਚ 73 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਵੜਿੰਗ ਨੇ ਕਿਹਾ ਕਿ ਇਸ ਰਫ਼ਤਾਰ ਨਾਲ ਆਮ ਆਦਮੀ ਪਾਰਟੀ ਸੂਬੇ ਨੂੰ ਡੇਢ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਦਾਰ ਬਣਾ ਦੇਵੇਗੀ। ਉਨ੍ਹਾਂ ਨੇ ਇਸ ਨੂੰ ਵਿੱਤੀ ਪ੍ਰਬੰਧਨ ‘ਚ ਅਸਫਲਤਾ ਦੱਸਿਆ।