ਪੁਲਿਸ ਨੇ ਨਿਊਜ਼ੀਲੈਂਡ ਵਾਸੀਆਂ ਲਈ ਚਿਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਫੋਨ ਕਾਲ ਆਉਂਦੀ ਹੈ ਅਤੇ ਫੋਨ ਕਰਨ ਵਾਲਾ ਅਧਿਕਾਰੀ ਹੋਣ ਦਾ ਦਾਅਵਾ ਕਰ ਕੋਈ ਵਿੱਤੀ ਜਾਣਕਾਰੀ ਮੰਗਦਾ ਹੈ ਤਾਂ ਆਪਣੀ ਕੋਈ ਵੀ ਜਾਣਕਾਰੀ ਸਾਂਝੀ ਨਾ ਕਰਿਓ। ਦਰਅਸਲ ਇਸ ਮਹੀਨੇ ਪੁਲਿਸ ਨੂੰ “pesky” ਸਕੈਮ ਜਿਹੇ ਮਾਮਲਿਆਂ ਸਬੰਧੀ ਘੱਟੋ ਘੱਟ ਇੱਕ ਦਰਜਨ ਰਿਪੋਰਟਾਂ ਮਿਲ ਚੁੱਕੀਆਂ ਹਨ।
ਪੁਲਿਸ ਨੇ ਕਿਹਾ ਕਿ ਫੋਨ ਕਰਨ ਵਾਲਾ ਖ਼ੁਦ ਨੂੰ “ਕਿਸੇ ਵਿਸ਼ੇਸ਼ ਵਿਭਾਗ ਦਾ ਅਧਿਕਾਰੀ ਹੋਣ ਦਾ ਦਾਅਵਾ ਕਰੇਗਾ, ਤੁਹਾਨੂੰ ਕਹੇਗਾ ਕਿ ਤੁਸੀਂ ਧੋਖਾਧੜੀ ਜਾਂ ਘੁਟਾਲੇ ਦਾ ਸ਼ਿਕਾਰ ਹੋਏ ਹੋ, ਅਤੇ ਤੁਹਾਡੇ ਤੋਂ ਹੋਰ ਵਿੱਤੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ ਸ਼ੁਰੂ ਕਰ ਦੇਵੇਗਾ। ਪਰ ਅਸਲ ‘ਚ ਇਹੀ ਇੱਕ ਸਕੈਮ ਹੈ।” ਵਿੱਤੀ ਅਪਰਾਧ ਯੂਨਿਟ ਦੇ ਡਿਟੈਕਟਿਵ ਸੀਨੀਅਰ ਸਾਰਜੈਂਟ ਕ੍ਰੇਗ ਬੋਲਟਨ ਨੇ ਕਿਹਾ ਕਿ ਕਾਲਾਂ ਜ਼ਿਆਦਾਤਰ ਲੈਂਡਲਾਈਨਾਂ ‘ਤੇ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਪੁਲਿਸ ਕਦੇ ਵੀ ਲੋਕਾਂ ਨਾਲ ਉਨ੍ਹਾਂ ਦੇ ਬੈਂਕ ਵੇਰਵੇ, ਕਾਰਡ ਨੰਬਰ, ਪਿੰਨ ਨੰਬਰ ਜਾਂ ਪਾਸਵਰਡ ਮੰਗਣ ਲਈ ਸੰਪਰਕ ਨਹੀਂ ਕਰੇਗੀ।