ਕੋਰੋਨਾ ਮਹਾਮਾਰੀ ਅਤੇ ਰੂਸ-ਯੂਕਰੇਨ ਯੁੱਧ ਤੋਂ ਬਾਅਦ ਰੂਸ ਵਿਚ ਆਬਾਦੀ ਦਾ ਸੰਕਟ ਡੂੰਘਾ ਹੋਣਾ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੀ ਆਬਾਦੀ ਵਧਾਉਣ ਲਈ ਇੱਕ ਅਜੀਬ ਫ਼ਰਮਾਨ ਦਿੱਤਾ ਹੈ। ਪੁਤਿਨ ਨੇ ਐਲਾਨ ਕੀਤਾ ਹੈ ਕਿ ਰੂਸੀ ਔਰਤਾਂ ਨੂੰ 10 ਬੱਚੇ ਪੈਦਾ ਕਰਨ ਅਤੇ ਜ਼ਿੰਦਾ ਰੱਖਣ ਲਈ 13,500 ਪੌਂਡ ਦਿੱਤੇ ਜਾਣਗੇ। ਹਾਲਾਂਕਿ ਵਲਾਦੀਮੀਰ ਪੁਤਿਨ ਦੇ ਇਸ ਐਲਾਨ ਨੂੰ ਉਨ੍ਹਾਂ ਦੀ ਨਿਰਾਸ਼ਾ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਸਕੀਮ ਨੂੰ ‘ਮਦਰ ਹੀਰੋਇਨ’ ਦਾ ਨਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਪੁਤਿਨ ਨੇ ਇਸ ਨੂੰ ਰੂਸ ਦੀ ਘਟਦੀ ਆਬਾਦੀ ਨੂੰ ਭਰਨ ਦਾ ਉਪਾਅ ਕਰਾਰ ਦਿੱਤਾ ਹੈ। ਰੂਸੀ ਰਾਜਨੀਤੀ ਅਤੇ ਸੁਰੱਖਿਆ ਮਾਹਿਰ ਡਾਕਟਰ ਜੇਨੀ ਮੈਥਰਸ ਨੇ ਰੇਡੀਓ ‘ਤੇ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਇਕੱਲੇ ਰੂਸ-ਯੂਕਰੇਨ ਯੁੱਧ ਕਾਰਨ 50,000 ਤੋਂ ਵੱਧ ਰੂਸੀ ਸੈਨਿਕਾਂ ਦੀ ਜਾਨ ਜਾ ਚੁੱਕੀ ਹੈ। ਉਥੇ ਹੀ ਦੇਸ਼ ‘ਚ ਕੋਰੋਨਾ ਕਾਰਨ ਹਜ਼ਾਰਾਂ ਮੌਤਾਂ ਵੀ ਹੋ ਚੁੱਕੀਆਂ ਹਨ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ‘ਮਦਰ ਹੀਰੋਇਨ’ ਸਕੀਮ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ।
ਰੂਸ ਨੂੰ ਯੂਕਰੇਨ ਨਾਲ ਜੰਗ ਕਰਨੀ ਕਿੰਨੀ ਮਹਿੰਗੀ ਸਾਬਿਤ ਹੋਈ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਡਾਕਟਰ ਜੈਨੀ ਮੈਥਰਸ ਅਨੁਸਾਰ, “ਪੁਤਿਨ ਕਹਿੰਦੇ ਰਹੇ ਹਨ ਕਿ ਵੱਡੇ ਪਰਿਵਾਰਾਂ ਵਾਲੇ ਲੋਕ ਜ਼ਿਆਦਾ ਦੇਸ਼ ਭਗਤ ਹੁੰਦੇ ਹਨ।” ਯਾਨੀ ਪੁਤਿਨ ਇੱਕ ਵੱਡੇ ਪਰਿਵਾਰ ਅਤੇ ਹੋਰ ਬੱਚੇ ਪੈਦਾ ਕਰਨ ਦੇ ਨਾਲ-ਨਾਲ ਇੱਕ ਦੇਸ਼ਭਗਤ ਦੀ ਗੱਲ ਕਰ ਰਹੇ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਨਾਲ ਡੂੰਘੇ ਜੰਗੀ ਸੰਕਟ ਦੇ ਵਿਚਕਾਰ ਰੂਸ ਦੀ ਆਬਾਦੀ ਨੂੰ ਫਿਰ ਤੋਂ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂਕਿ ਯੋਜਨਾ ਮੁਤਾਬਿਕ ਰੂਸੀ ਔਰਤਾਂ ਨੂੰ 1 ਮਿਲੀਅਨ ਰੂਬਲ ਜਾਂ 13.5 ਹਜ਼ਾਰ ਪੌਂਡ ਦਾ ਯਕਮੁਸ਼ਤ ਭੁਗਤਾਨ ਕੀਤਾ ਜਾਵੇਗਾ। ਔਰਤ ਦੇ ਦਸਵੇਂ ਬੱਚੇ ਦੇ ਪਹਿਲੇ ਜਨਮ ਦਿਨ ‘ਤੇ ਇਹ ਪੈਸਾ ਉਸ ਨੂੰ ਦਿੱਤਾ ਜਾਵੇਗਾ। ਪਰ ਰੂਸੀ ਸਰਕਾਰ ਦੀ ਸ਼ਰਤ ਇਹ ਹੈ ਕਿ ਪਹਿਲੇ ਨੌਂ ਵੀ ਜਿਉਂਦੇ ਰਹਿਣ।