7 ਅਗਸਤ ਤੋਂ ਪੈਰਿਸ ਓਲੰਪਿਕ 2024 ਵਿੱਚ ਭਾਰਤੀਆਂ ਅਤੇ ਭਾਰਤੀ ਅਥਲੀਟ ਵਿਨੇਸ਼ ਫੋਗਾਟ ਲਈ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਜਿੱਥੇ ਵਿਨੇਸ਼ ਫੋਗਾਟ 7 ਅਗਸਤ ਨੂੰ ਫਾਈਨਲ ‘ਚ ਗੋਲਡ ਮੈਡਲ ਮੈਚ ਖੇਡਣ ਜਾ ਰਹੀ ਸੀ। ਉਸੇ ਦਿਨ ਦੁਪਹਿਰ 12 ਵਜੇ ਵਿਨੇਸ਼ ਦੇ ਅਯੋਗ ਹੋਣ ਦੀ ਖ਼ਬਰ ਆਈ ਅਤੇ ਉਸ ਦਾ ਭਾਰ 50 ਕਿਲੋ ਤੋਂ ਥੋੜ੍ਹਾ ਵੱਧ ਹੋਣ ਕਾਰਨ ਉਸ ਨੂੰ ਫਾਈਨਲ ਮੈਚ ਲਈ ਅਯੋਗ ਕਰਾਰ ਦੇ ਦਿੱਤਾ ਗਿਆ। ਜਿਸ ਤੋਂ ਬਾਅਦ ਵਿਨੇਸ਼ ਫੋਗਾਟ ਦੇ ਨਾਲ-ਨਾਲ ਪੂਰਾ ਦੇਸ਼ ਸਦਮੇ ‘ਚ ਚਲਾ ਗਿਆ। ਹੁਣ ਵਿਨੇਸ਼ ਫੋਗਾਟ ਨੇ 8 ਅਗਸਤ ਨੂੰ ਸਵੇਰੇ 5:17 ਵਜੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਵਿੱਚ ਅਚਾਨਕ ਹੋਏ ਵਿਵਾਦ ਤੋਂ ਬਾਅਦ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ। ਓਲੰਪਿਕ ਫਾਈਨਲ ਤੋਂ ਕੁਝ ਘੰਟੇ ਪਹਿਲਾਂ 100 ਗ੍ਰਾਮ ਵਜ਼ਨ ਜ਼ਿਆਦਾ ਹੋਣ ਕਾਰਨ ਵਿਨੇਸ਼ ਮੁਕਾਬਲੇ ਤੋਂ ਬਾਹਰ ਹੋ ਗਈ ਸੀ। ਇਸ ਸਦਮੇ ਨੂੰ ਝੱਲਣ ਤੋਂ ਅਸਮਰੱਥ ਵਿਨੇਸ਼ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਲਿਖ ਕੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ।
ਵਿਨੇਸ਼ ਫੋਗਾਟ ਨੇ ਲਿਖਿਆ – “ਮਾਂ, ਕੁਸ਼ਤੀ ਮੇਰੇ ਤੋਂ ਜਿੱਤ ਗਈ, ਮੈਂ ਹਾਰ ਗਈ, ਮਾਫ ਕਰਨਾ, ਤੇਰਾ ਸੁਪਨਾ, ਮੇਰਾ ਹੌਂਸਲਾ ਸਭ ਟੁੱਟ ਗਿਆ, ਮੇਰੇ ਕੋਲ ਇਸ ਤੋਂ ਵੱਧ ਤਾਕਤ ਨਹੀਂ ਹੈ।” ਵਿਨੇਸ਼ ਨੇ ਅੱਗੇ ਲਿਖਿਆ – “ਕੁਸ਼ਤੀ 2001-2024 ਨੂੰ ਅਲਵਿਦਾ। ਮੈਂ ਹਮੇਸ਼ਾ ਤੁਹਾਡੇ ਸਾਰਿਆਂ ਦੀ ਰਿਣੀ ਰਹਾਂਗੀ, ਮੁਆਫੀ।”