ਪੰਜਾਬ-ਹਰਿਆਣਾ ਖਨੌਰੀ ਸਰਹੱਦ ‘ਤੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਪਿਛਲੇ 15 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜਦੀ ਜਾ ਰਹੀ ਹੈ। ਉਨ੍ਹਾਂ ਨੇ ਪਿਛਲੇ 15 ਦਿਨਾਂ ਤੋਂ ਖਾਣਾ ਨਹੀਂ ਖਾਧਾ ਹੈ। ਅਜਿਹੇ ‘ਚ ਮੰਗਲਵਾਰ ਨੂੰ ਫਰੀਦਕੋਟ ਦੇ ਜੱਦੀ ਪਿੰਡ ਡੱਲੇਵਾਲਾ ‘ਚ ਵੀ ਲੋਕ ਡੱਲੇਵਾਲ ਦੇ ਹੱਕ ‘ਚ ਭੁੱਖ ਹੜਤਾਲ ‘ਤੇ ਰਹੇ। ਪਿੰਡ ਦੇ ਲੋਕ ਸਾਰਾ ਦਿਨ ਭੁੱਖੇ ਰਹੇ। ਪਿੰਡ ਵਿੱਚ ਕਿਸੇ ਵੀ ਘਰ ‘ਚ ਚੁੱਲ੍ਹਾ ਨਹੀਂ ਬਲਿਆ। ਪਿੰਡ ਦੇ ਲੋਕਾਂ ਨੇ ਸਮੂਹਿਕ ਭੁੱਖ ਹੜਤਾਲ ਰੱਖੀ ਅਤੇ ਕਿਸਾਨ ਅੰਦੋਲਨ ਦੀ ਸਫਲਤਾ ਅਤੇ ਕਿਸਾਨ ਆਗੂ ਡੱਲੇਵਾਲ ਦੀ ਸਿਹਤਯਾਬੀ ਲਈ ਅਰਦਾਸ ਕੀਤੀ।
ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਦੇ ਜੱਦੀ ਪਿੰਡ ਡੱਲੇਵਾਲਾ ਦੇ ਸਾਰੇ ਘਰਾਂ ‘ਚ ਚੁੱਲ੍ਹੇ ਨਹੀਂ ਬਾਲੇ ਗਏ ਅਤੇ ਪੂਰਾ ਪਿੰਡ ਗੁਰਦੁਆਰਾ ਸਾਹਿਬ ਦੇ ਬਾਹਰ ਭੁੱਖ ਹੜਤਾਲ ‘ਤੇ ਬੈਠ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਦੇਸ਼ ਭਰ ਵਿੱਚ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।