ਹਿੰਦੀ ਅਤੇ ਮਰਾਠੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦੀ ਸਿਹਤ ਕਾਫੀ ਖਰਾਬ ਹੈ। ਉਨ੍ਹਾਂ ਨੂੰ ਪੁਣੇ ਦੇ ਪੰਡਿਤ ਦੀਨਾਨਾਥ ਮੰਗੇਸ਼ਕਰ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਿਕ ਵਿਕਰਮ ਗੋਖਲੇ ਦੀ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ ਅਤੇ ਅਗਲੇ 24 ਘੰਟਿਆਂ ‘ਚ ਉਨ੍ਹਾਂ ਦੀ ਹਾਲਤ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗਾ। 77 ਸਾਲਾ ਵਿਕਰਮ ਗੋਖਲੇ ਦਾ 6 ਨਵੰਬਰ ਤੋਂ ਹਸਪਤਾਲ ਆਉਣਾ ਜਾਣਾ ਲੱਗਿਆ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਦੇ ਇੱਕ ਸੂਤਰ ਨੇ ਇੱਕ ਚੈੱਨਲ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਕੱਲ੍ਹ ਉਨ੍ਹਾਂ ਦੀ ਹਾਲਤ ਬਹੁਤ ਚਿੰਤਾਜਨਕ ਬਣ ਗਈ ਸੀ। ਸੂਤਰ ਮੁਤਾਬਿਕ ਉਹ ਲਿਵਰ ਨਾਲ ਜੁੜੀ ਗੰਭੀਰ ਬੀਮਾਰੀ ਤੋਂ ਪੀੜਤ ਹਨ ਅਤੇ ਸਰੀਰ ਦੇ ਹੋਰ ਅੰਗ ਵੀ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ।
ਵਿਕਰਮ ਗੋਖਲੇ ਨੇ ਸਾਲ 1999 ਵਿੱਚ ਰਿਲੀਜ਼ ਹੋਈ ਸੰਜੇ ਲੀਲਾ ਭੰਸਾਲੀ ਦੀ ਹਮ ਦਿਲ ਦੇ ਚੁਕੇ ਸਨਮ ਵਿੱਚ ਐਸ਼ਵਰਿਆ ਰਾਏ ਬੱਚਨ ਦੇ ਪਿਤਾ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਭੂਲ ਭੁਲਈਆਂ’, ‘ਮਿਸ਼ਨ ਮੰਗਲ’, ‘ਦਿਲ ਸੇ’, ‘ਦੇ ਦਨਾ ਦਾਨ, ਹਿਚਕੀ’ ਵਰਗੀਆਂ ਕਈ ਹਿੰਦੀ ਫਿਲਮਾਂ ‘ਚ ਕੰਮ ਕੀਤਾ ਹੈ। 2013 ਵਿੱਚ, ਉਨ੍ਹਾਂ ਨੂੰ ਮਰਾਠੀ ਫਿਲਮ ‘ਅਨੁਮਤੀ’ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ ਸੀ।