ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਵਿਜੀਲੈਂਸ ਬਿਊਰੋ ਨੇ ਹੁਣ ਉਨ੍ਹਾਂ ਦੇ ਕਾਰਜਕਾਲ ਦੌਰਾਨ ਗੋਆ ਬੀਚ ਦੇ ਕੰਢੇ ਪੰਜਾਬ ਸਰਕਾਰ ਦੀ 8 ਏਕੜ ਜ਼ਮੀਨ ਸਸਤੇ ਰੇਟ ‘ਤੇ ਲੀਜ਼ ‘ਤੇ ਦੇਣ ਦੀ ਫਾਈਲ ਖੋਲ੍ਹ ਦਿੱਤੀ ਹੈ। ਇਹ ਜ਼ਮੀਨ ਫਾਈਵ ਸਟਾਰ ਹੋਟਲ ਨੂੰ ਦਿੱਤੀ ਗਈ ਹੈ। ਵਿਜੀਲੈਂਸ ਇਸ ਜ਼ਮੀਨ ਨਾਲ ਸਬੰਧਿਤ ਹਰ ਤੱਥ ਇਕੱਠਾ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਸਬੰਧੀ ਰਿਕਾਰਡ ਸਬੰਧਿਤ ਵਿਭਾਗ ਨੂੰ ਸੌਂਪਣ ਦੇ ਆਦੇਸ਼ ਦਿੱਤੇ ਗਏ ਹਨ।
ਪੰਜਾਬ ਸਰਕਾਰ ਕੋਲ ਗੋਆ ਬੀਚ ‘ਤੇ ਕਰੀਬ ਅੱਠ ਏਕੜ ਜ਼ਮੀਨ ਹੈ। ਇਸ ਦੀ ਵਰਤੋਂ ਖੇਤੀ ਅਤੇ ਫਲਾਂ ਦੀ ਬਿਜਾਈ ਆਦਿ ਲਈ ਕੀਤੀ ਜਾਂਦੀ ਸੀ ਪਰ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਈ ਤਾਂ ਉਹ ਜ਼ਮੀਨ ਪੰਜ ਤਾਰਾ ਹੋਟਲ ਨੂੰ ਲੀਜ਼ ’ਤੇ ਦੇ ਦਿੱਤੀ ਗਈ। ਸਰਕਾਰ ਨੂੰ ਹੋਟਲ ਤੋਂ ਪ੍ਰਤੀ ਏਕੜ 1 ਲੱਖ ਰੁਪਏ ਮਿਲਦੇ ਹਨ। ਇਹ ਕਾਰਵਾਈ ਉਸ ਸਮੇਂ ਜਾਰੀ ਗੋਆ ਦੀ ਸੈਰ-ਸਪਾਟਾ ਨੀਤੀ ਅਨੁਸਾਰ ਕੀਤੀ ਗਈ ਸੀ। ਪਰ ਦੋਸ਼ ਹੈ ਕਿ ਇਹ ਜ਼ਮੀਨ ਘੱਟ ਕੀਮਤ ‘ਤੇ ਲੀਜ਼ ‘ਤੇ ਦਿੱਤੀ ਗਈ ਸੀ। ਇਸ ਨਾਲ ਸਰਕਾਰ ਦੇ ਮਾਲੀਏ ਨੂੰ ਨੁਕਸਾਨ ਹੋ ਰਿਹਾ ਹੈ।
ਦੱਸ ਦੇਈਏ ਕਿ ਹਾਲੇ ਤੱਕ ਇਸ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ, ਸਿਰਫ਼ ਜਾਂਚ ਚੱਲ ਰਹੀ ਹੈ। ਹਾਲਾਂਕਿ ਉਹ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਸਰਕਾਰ ਜਾਣਬੁੱਝ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਸਾਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ।