ਵਿਦਰਭ ਨੇ ਰਣਜੀ ਟਰਾਫੀ ਵਿੱਚ ਗੁਜਰਾਤ ਨੂੰ 18 ਦੌੜਾਂ ਨਾਲ ਹਰਾਇਆ ਹੈ। ਵੱਡੀ ਗੱਲ ਇਹ ਹੈ ਕਿ ਗੁਜਰਾਤ ਨੂੰ ਸਿਰਫ਼ 73 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਇਹ ਟੀਮ ਸਿਰਫ਼ 54 ਦੌੜਾਂ ‘ਤੇ ਹੀ ਢੇਰ ਹੋ ਗਈ। ਜਾਮਠਾ ‘ਚ ਖੇਡੇ ਗਏ ਇਸ ਮੈਚ ‘ਚ ਗੁਜਰਾਤ ਦਾ ਇੱਕ ਹੀ ਬੱਲੇਬਾਜ਼ ਦੋਹਰੇ ਅੰਕੜੇ ਨੂੰ ਛੂਹ ਸਕਿਆ। ਖੱਬੇ ਹੱਥ ਦਾ ਸਪਿੰਨਰ ਆਦਿਤਿਆ ਸਰਵਤੇ ਵਿਦਰਭ ਦੀ ਜਿੱਤ ਦਾ ਹੀਰੋ ਬਣਿਆ, ਜਿਸ ਨੇ ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ਲਈਆਂ, ਜਦਕਿ ਗੇਂਦਬਾਜ਼ ਨੇ ਦੂਜੀ ਪਾਰੀ ਵਿੱਚ ਛੇ ਵਿਕਟਾਂ ਲਈਆਂ। ਗੁਜਰਾਤ ‘ਤੇ ਵਿਦਰਭ ਦੀ ਇਸ ਜਿੱਤ ਤੋਂ ਬਾਅਦ ਹੁਣ ਰਣਜੀ ਟਰਾਫੀ ‘ਚ ਨਵਾਂ ਰਿਕਾਰਡ ਬਣ ਗਿਆ ਹੈ।
ਵਿਦਰਭ ਦੀ ਟੀਮ ਰਣਜੀ ਟਰਾਫੀ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਦੌੜਾਂ ਦੇ ਟੀਚੇ ਨੂੰ ਬਚਾਉਣ ਵਾਲੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ 78 ਦੌੜਾਂ ਦਾ ਸੀ। ਸਾਲ 1949 ‘ਚ ਬਿਹਾਰ ਦੀ ਟੀਮ ਨੇ ਦਿੱਲੀ ਦੇ ਸਾਹਮਣੇ 78 ਦੌੜਾਂ ਦਾ ਟੀਚਾ ਰੱਖਿਆ ਸੀ। ਸਾਲ 2017 ‘ਚ ਰੇਲਵੇ ਨੇ ਉੱਤਰ ਪ੍ਰਦੇਸ਼ ਦੇ ਸਾਹਮਣੇ 94 ਦੌੜਾਂ ਦਾ ਟੀਚਾ ਰੱਖਿਆ ਸੀ।
ਵਿਦਰਭ ਦੀ ਟੀਮ ਇਸ ਮੈਚ ‘ਚ ਪਹਿਲੇ ਦਿਨ ਤੋਂ ਹੀ ਹਾਰ ਦੇ ਕੰਢੇ ‘ਤੇ ਸੀ। ਵਿਦਰਭ ਨੇ ਪਹਿਲੀ ਪਾਰੀ ਵਿੱਚ ਸਿਰਫ਼ 74 ਦੌੜਾਂ ਬਣਾਈਆਂ ਸਨ ਅਤੇ ਗੁਜਰਾਤ ਨੇ ਆਪਣੀ ਪਹਿਲੀ ਪਾਰੀ ਵਿੱਚ 256 ਦੌੜਾਂ ਬਣਾਈਆਂ ਸਨ। ਮਤਲਬ ਵਿਦਰਭ ਦੀ ਟੀਮ ਨੂੰ ਪਹਿਲੀ ਪਾਰੀ ‘ਚ 172 ਦੌੜਾਂ ਦੀ ਵੱਡੀ ਬੜ੍ਹਤ ਮਿਲੀ। ਵਿਦਰਭ ਦੇ ਬੱਲੇਬਾਜ਼ ਦੂਜੀ ਪਾਰੀ ਵਿੱਚ ਵੀ ਕੋਈ ਵੱਡਾ ਕਾਰਨਾਮਾ ਨਹੀਂ ਦਿਖਾ ਸਕੇ। ਇਹ ਟੀਮ ਦੂਜੀ ਪਾਰੀ ਵਿੱਚ ਵੀ ਸਿਰਫ਼ 254 ਦੌੜਾਂ ਬਣਾ ਕੇ ਢਹਿ ਗਈ ਅਤੇ ਇਸ ਤਰ੍ਹਾਂ ਗੁਜਰਾਤ ਨੂੰ ਸਿਰਫ਼ 73 ਦੌੜਾਂ ਦਾ ਟੀਚਾ ਮਿਲਿਆ। ਬੇਸ਼ੱਕ ਇਹ ਆਸਾਨ ਟੀਚਾ ਸੀ ਪਰ ਇਸ ਤੋਂ ਬਾਅਦ ਅਜਿਹਾ ਹੋਇਆ ਜਿਸ ਬਾਰੇ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਸੀ।