ਤਿਉਹਾਰਾਂ ਦੇ ਸੀਜ਼ਨ ‘ਚ ਵੇਰਕਾ ਨੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਵੇਰਕਾ ਨੇ ਪੰਜਾਬ ‘ਚ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਵੇਰਕਾ ਨੇ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਹੈ। ਦੁੱਧ ਦੇ ਨਵੇਂ ਵਧੇ ਹੋਏ ਰੇਟ 16 ਅਕਤੂਬਰ ਤੋਂ ਲਾਗੂ ਹੋਣਗੇ। ਵੇਰਕਾ ਨੇ 4 ਮਹੀਨਿਆਂ ‘ਚ ਦੂਜੀ ਵਾਰ ਦੁੱਧ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਵੇਰਕਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਦੁੱਧ ਉਤਪਾਦਕ ਲੰਬੇ ਸਮੇਂ ਤੋਂ ਭਾਅ ਵਧਾਉਣ ਦੀ ਮੰਗ ਕਰ ਰਹੇ ਸਨ। ਇਸ ਲਈ ਤਿਉਹਾਰਾਂ ਦੇ ਸੀਜ਼ਨ ਦੌਰਾਨ ਹੀ ਵੇਰਕਾ ਦੇ ਦੁੱਧ ਦੀ ਕੀਮਤ ਵਧਾਉਣੀ ਪੈਂਦੀ ਹੈ।
ਵੇਰਕਾ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਪਸ਼ੂਆਂ ਦੀ ਫੀਡ ਅਤੇ ਫੀਡ ਦੀ ਕੀਮਤ ਵਿੱਚ ਵਾਧਾ ਹੋਣ ਕਾਰਨ ਦੁੱਧ ਉਤਪਾਦਕ ਰੇਟ ਵਧਾਉਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੀ ਇਹ ਮੰਗ ਵੀ ਜਾਇਜ਼ ਸੀ ਕਿਉਂਕਿ ਇਸ ਸਮੇਂ ਸੁੱਕੇ ਚਾਰੇ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ। ਦੁੱਧ ਉਤਪਾਦਕਾਂ ਨੂੰ 700 ਤੋਂ 900 ਰੁਪਏ ਕੁਇੰਟਲ ਦੇ ਹਿਸਾਬ ਨਾਲ ਤੂੜੀ ਮਿਲ ਰਹੀ ਹੈ। ਇਸ ਲਈ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਸੀ।
ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਸ਼ੂਆਂ ਵਿੱਚ ਬਿਮਾਰੀ ਫੈਲਣ ਤੋਂ ਬਾਅਦ ਦੁੱਧ ਉਤਪਾਦਕ ਦੁੱਧ ਦੀ ਕੀਮਤ ਵਧਾਉਣ ਲਈ ਮਜਬੂਰ ਹਨ। ਲੰਪੀ ਦੀ ਬਿਮਾਰੀ ਕਾਰਨ ਵੱਡੀ ਗਿਣਤੀ ਵਿੱਚ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਇੱਥੋਂ ਤੱਕ ਕਿ ਠੀਕ ਹੋ ਚੁੱਕੇ ਪਸ਼ੂਆਂ ਦਾ ਦੁੱਧ ਵੀ ਸੁੱਕ ਗਿਆ ਹੈ। ਦੁੱਧ ਉਤਪਾਦਕਾਂ ਦਾ ਕਹਿਣਾ ਹੈ ਕਿ ਜੋ ਦੁਧਾਰੂ ਪਸ਼ੂ ਠੀਕ ਹੋ ਚੁੱਕੇ ਹਨ, ਉਹ ਵੀ ਦੁੱਧ ਨਹੀਂ ਦੇ ਰਹੇ।