ਟੀ-20 ਵਿਸ਼ਵ ਕੱਪ 2024 ਵਿੱਚ ਟੀਮ ਇੰਡੀਆ ਦੀ ਖਿਤਾਬੀ ਜਿੱਤ ਤੋਂ ਇਲਾਵਾ ਜੇਕਰ ਕਿਸੇ ਇੱਕ ਮੈਚ ਨੇ ਸਭ ਤੋਂ ਵੱਧ ਹਲਚਲ ਮਚਾਈ ਸੀ ਤਾਂ ਉਹ ਸੀ ਅਮਰੀਕਾ ਅਤੇ ਪਾਕਿਸਤਾਨ ਦਾ ਮੈਚ। ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ ਅਮਰੀਕਾ ਦੀ ਟੀਮ ਨੇ ਸਾਬਕਾ ਚੈਂਪੀਅਨ ਪਾਕਿਸਤਾਨ ਨੂੰ ਰੋਮਾਂਚਕ ਸੁਪਰ ਓਵਰ ਵਿੱਚ ਹਰਾ ਕੇ ਸਨਸਨੀ ਮਚਾ ਦਿੱਤੀ ਸੀ। ਅਮਰੀਕੀ ਟੀਮ ਨੇ ਨਾ ਸਿਰਫ ਪਾਕਿਸਤਾਨ ਨੂੰ ਹਰਾਇਆ ਸਗੋਂ ਸੁਪਰ-8 ਰਾਊਂਡ ‘ਚ ਜਗ੍ਹਾ ਬਣਾ ਕੇ ਅਗਲੇ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕੀਤਾ। ਪਰ ਹੁਣ ਇਸ ਅਮਰੀਕੀ ਟੀਮ ‘ਤੇ ਪਾਬੰਦੀ ਲੱਗਣ ਦਾ ਖ਼ਤਰਾ ਮੰਡਰਾ ਰਿਹਾ ਹੈ ਕਿਉਂਕਿ ਆਈਸੀਸੀ ਨੇ ਕ੍ਰਿਕਟ ਬੋਰਡ ਦੇ ਨਿਯਮਾਂ ਦਾ ਪਾਲਣ ਨਾ ਕਰਨ ਲਈ ਨੋਟਿਸ ਦਿੱਤਾ ਹੈ।
ਅਮਰੀਕਾ ‘ਚ ਕ੍ਰਿਕਟ ਨੂੰ ਹਰਮਨ ਪਿਆਰਾ ਬਣਾਉਣ ਲਈ ਇਸ ਦੇਸ਼ ‘ਚ ਪਹਿਲੀ ਵਾਰ ਟੀ-20 ਵਿਸ਼ਵ ਕੱਪ ਕਰਵਾਇਆ ਗਿਆ। ਮੇਜ਼ਬਾਨ ਹੋਣ ਕਾਰਨ ਅਮਰੀਕਾ ਨੂੰ ਇਸ ਵਿੱਚ ਸਿੱਧੀ ਐਂਟਰੀ ਮਿਲੀ ਅਤੇ ਪ੍ਰਵਾਸੀਆਂ ਨਾਲ ਭਰੀ ਇਸ ਟੀਮ ਨੇ ਵੀ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਸੁਪਰ-8 ‘ਚ ਪਹੁੰਚਣ ਦਾ ਇਨਾਮ 2026 ‘ਚ ਭਾਰਤ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਸੀ, ਪਰ ਜੇਕਰ ਯੂਐੱਸਏ ਕ੍ਰਿਕਟ (ਬੋਰਡ) ਨੇ ਆਈ.ਸੀ.ਸੀ. ਦੀ ਗੱਲ ਨਹੀਂ ਸੁਣੀ ਤਾਂ ਇਹ ਸਭ ਬਰਬਾਦ ਹੋ ਜਾਵੇਗਾ।
ਕੋਲੰਬੋ ਵਿੱਚ ਦੋ ਦਿਨਾਂ ਤੱਕ ਚੱਲੀ ਆਈਸੀਸੀ ਕਾਨਫਰੰਸ ਵਿੱਚ ਇਹ ਫੈਸਲਾ ਲਿਆ ਗਿਆ। ਆਈਸੀਸੀ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਕ੍ਰਿਕਟ ਅਤੇ ਚਿਲੀ ਕ੍ਰਿਕਟ ਨੂੰ ਮੁਅੱਤਲੀ ਨੋਟਿਸ ਜਾਰੀ ਕੀਤੇ ਗਏ ਹਨ। ਇਹ ਨੋਟਿਸ ਅਗਲੇ 12 ਮਹੀਨਿਆਂ ਲਈ ਹੈ, ਜਿਸ ਦੇ ਅੰਦਰ ਇਨ੍ਹਾਂ ਦੋਵਾਂ ਕ੍ਰਿਕਟ ਬੋਰਡਾਂ ਨੂੰ ਆਪਣੇ ਸੰਗਠਨ ਦੀਆਂ ਕਮੀਆਂ ਨੂੰ ਦੂਰ ਕਰਨਾ ਹੋਵੇਗਾ। ਇਸ ‘ਚ ਸਭ ਦੀ ਨਜ਼ਰ ਯੂਐਸਏ ਕ੍ਰਿਕੇਟ (ਯੂ.ਐੱਸ.ਏ.ਸੀ.) ‘ਤੇ ਹੈ, ਜੋ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ‘ਚ ਫਸੀ ਹੋਈ ਹੈ। ਆਈਸੀਸੀ ਨੇ ਦੋ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਉਸ ਨੂੰ ਨੋਟਿਸ ਜਾਰੀ ਕੀਤਾ ਹੈ।
ਕ੍ਰਿਕਬਜ਼ ਦੀ ਰਿਪੋਰਟ ਦੇ ਅਨੁਸਾਰ, ਯੂਐਸਏਸੀ ਦੋ ਮਾਮਲਿਆਂ ਵਿੱਚ ਆਈਸੀਸੀ ਦੇ ਐਸੋਸੀਏਟ ਮੈਂਬਰ ਪ੍ਰੋਟੋਕੋਲ ਦੀ ਉਲੰਘਣਾ ਕਰਦਾ ਪਾਇਆ ਗਿਆ ਹੈ। ਪਹਿਲਾ- ਬੋਰਡ ‘ਤੇ ਕੋਈ ਫੁੱਲ ਟਾਈਮ ਸੀਈਓ ਨਹੀਂ ਹੈ। ਦੂਜਾ- ਅਮਰੀਕਾ ਓਲੰਪਿਕ ਅਤੇ ਪੈਰਾਲੰਪਿਕ ਐਸੋਸੀਏਸ਼ਨ ਤੋਂ ਮਾਨਤਾ ਨਹੀਂ ਲਈ ਹੈ। ਆਈਸੀਸੀ ਦੇ ਨੋਟਿਸ ਦੇ ਮੁਤਾਬਿਕ ਜੇਕਰ USAC ਅਗਲੇ 12 ਮਹੀਨਿਆਂ ਵਿੱਚ ਇਸ ਨੂੰ ਠੀਕ ਨਹੀਂ ਕਰਦਾ ਹੈ ਤਾਂ ਪਹਿਲਾਂ ਇਸਨੂੰ ਮੁਅੱਤਲ ਕੀਤਾ ਜਾਵੇਗਾ ਅਤੇ ਫਿਰ ਇਸਨੂੰ ਪੂਰੀ ਤਰ੍ਹਾਂ ਨਾਲ ਬਾਹਰ ਵੀ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਮਰੀਕਾ ਦੀ ਟੀਮ ਲਈ 2026 ‘ਚ ਭਾਰਤ ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਹਿੱਸਾ ਲੈਣਾ ਮੁਸ਼ਕਿਲ ਹੋ ਸਕਦਾ ਹੈ।