ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਰਾਹਤ ਦੀ ਖਬਰ ਆਈ ਹੈ। ਭਾਰਤੀ ਨਾਗਰਿਕਾਂ ਲਈ ਵੀਜ਼ਾ ਸਲਾਟ ਖੋਲ੍ਹਣ ਦੇ ਲਗਭਗ ਇੱਕ ਮਹੀਨੇ ਬਾਅਦ, ਅਮਰੀਕਾ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਇਸ ਸਾਲ 10 ਲੱਖ ਭਾਰਤੀਆਂ ਨੂੰ ਵੀਜ਼ਾ ਜਾਰੀ ਕਰੇਗਾ। ਅਮਰੀਕੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਭਾਰਤ ਵਿੱਚ ਆਪਣੇ ਦੂਤਾਵਾਸ ਅਤੇ ਕੌਂਸਲੇਟਾਂ ਵਿੱਚ ਪਹਿਲਾਂ ਹੀ ਦੋ ਲੱਖ ਤੋਂ ਵੱਧ ਅਰਜ਼ੀਆਂ ਦੀ ਪ੍ਰਕਿਰਿਆ ਕਰ ਚੁੱਕੇ ਹਾਂ ਅਤੇ ਅਸੀਂ 2023 ਵਿੱਚ 10 ਲੱਖ ਤੋਂ ਵੱਧ ਗੈਰ-ਪ੍ਰਵਾਸੀ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਤਿਆਰ ਹਾਂ।
ਮੀਡੀਆ ਰਿਪੋਰਟਾਂ ਮੁਤਾਬਿਕ ਅਮਰੀਕੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਸਾਡਾ ਟੀਚਾ 10 ਲੱਖ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੈ, ਜਿਸ ਵਿਚ ਸਾਰੀਆਂ ਸ਼੍ਰੇਣੀਆਂ ਦੇ ਗੈਰ-ਪ੍ਰਵਾਸੀ ਵੀਜ਼ੇ ਸ਼ਾਮਿਲ ਹਨ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ, ਦੂਤਾਵਾਸ ਹੋਰ ਸਟਾਫ ਨੂੰ ਜੋੜ ਰਿਹਾ ਹੈ, ਨਾਲ ਹੀ ਡਰਾਪ-ਬਾਕਸ ਸਹੂਲਤਾਂ ਦਾ ਦਾਇਰਾ ਵਧਾ ਰਿਹਾ ਹੈ। ਦੂਤਾਵਾਸ ਦੇ ਅਨੁਸਾਰ, 2022 ਵਿੱਚ, ਅਮਰੀਕੀ ਵਿਦੇਸ਼ ਵਿਭਾਗ ਨੇ ਦੁਨੀਆ ਭਰ ਵਿੱਚ ਲਗਭਗ 90 ਲੱਖ ਗੈਰ-ਪ੍ਰਵਾਸੀ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਕੀਤੀ ਹੈ।
ਗੈਰ-ਪ੍ਰਵਾਸੀ ਵੀਜ਼ਾ ਸ਼੍ਰੇਣੀਆਂ ਵਿੱਚ ਵਪਾਰ, ਯਾਤਰਾ, ਵਿਦਿਆਰਥੀ ਵੀਜ਼ਾ ਅਤੇ ਚਾਲਕ ਦਲ ਦੇ ਵੀਜ਼ਾ ਸ਼ਾਮਿਲ ਹਨ। ਟੀਚੇ ਨੂੰ ਪ੍ਰਾਪਤ ਕਰਨ ਅਤੇ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ, ਦੂਤਾਵਾਸ ਹੋਰ ਸਟਾਫ਼ ਜੋੜ ਰਿਹਾ ਹੈ, ਡ੍ਰੌਪ-ਬਾਕਸ ਸੁਵਿਧਾਵਾਂ ਦਾ ਦਾਇਰਾ ਵਧਾ ਰਿਹਾ ਹੈ ਅਤੇ ਹਫਤੇ ਦੇ ਅੰਤ ਵਿੱਚ ਇੰਟਰਵਿਊ ਸਲਾਟ ਖੋਲ੍ਹ ਰਿਹਾ ਹੈ। ਵੀਜ਼ਾ ਲਈ ਉਡੀਕ ਸਮਾਂ ਪਹਿਲਾਂ ਹੀ ਕਾਫੀ ਘੱਟ ਗਿਆ ਹੈ। ਜਨਵਰੀ ਵਿੱਚ, ਅਮਰੀਕੀ ਦੂਤਾਵਾਸ ਨੇ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਪਹਿਲੀ ਵਾਰ ਬਿਨੈਕਾਰਾਂ ਲਈ ਸ਼ਨੀਵਾਰ ਨੂੰ ਵਿਸ਼ੇਸ਼ ਇੰਟਰਵਿਊ ਸਲਾਟ ਖੋਲ੍ਹੇ ਸਨ। ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਯੂਐਸ ਮਿਸ਼ਨ ਦੇ ਰਾਸ਼ਟਰੀ ਰਾਜਧਾਨੀ ਤੋਂ ਇਲਾਵਾ ਮੁੰਬਈ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਵਿੱਚ ਦਫਤਰ ਹਨ, ਨੇ ਵੀ ਆਪਣੇ ਕੌਂਸਲਰ ਸਟਾਫ ਵਿੱਚ ਵੀ ਵਾਧਾ ਕੀਤਾ ਹੈ।
ਦੂਤਾਵਾਸ ਦੇ ਬੁਲਾਰੇ ਦਾ ਕਹਿਣਾ ਹੈ, 10 ਲੱਖ ਵੀਜ਼ਾ ਯੋਜਨਾ ਭਾਰਤ ਲਈ ਇੱਕ ਵਿਲੱਖਣ ਕੋਸ਼ਿਸ਼ ਹੈ, ਜੋ ਦੋਵਾਂ ਦੇਸ਼ਾਂ ਦੇ ਲੋਕਾਂ-ਦਰ-ਲੋਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਹੈ। ਹਾਲ ਹੀ ‘ਚ ਅਮਰੀਕਾ ਦਾ ਵੀਜ਼ਾ ਲੈਣ ਵਾਲੇ ਭਾਰਤੀ ਨਾਗਰਿਕਾਂ ਲਈ ਇੰਟਰਵਿਊ ‘ਚ ਛੋਟ ਦਾ ਦਾਇਰਾ ਵੀ ਵਧਾਇਆ ਗਿਆ ਸੀ। ਡ੍ਰੌਪ-ਬਾਕਸ ਸਹੂਲਤ, ਜਿਸਦੀ ਵਰਤੋਂ ਇੰਟਰਵਿਊ ਤੋਂ ਬਿਨਾਂ ਅਮਰੀਕਾ ਦੇ ਵੀਜ਼ਾ ਰੀਨਿਊ ਕਰਨ ਲਈ ਕੀਤੀ ਜਾਂਦੀ ਹੈ, ਹੁਣ ਵਿਦਿਆਰਥੀ ਵੀਜ਼ਾ, ਵਪਾਰਕ ਅਤੇ ਸੈਰ-ਸਪਾਟਾ ਵੀਜ਼ਾ ਅਤੇ ਹੁਨਰਮੰਦ ਵਰਕਰ ਵੀਜ਼ਾ ਸਮੇਤ ਵੱਖ-ਵੱਖ ਸ਼੍ਰੇਣੀਆਂ ਲਈ ਲਾਗੂ ਹੈ।