ਅਮਰੀਕਾ ਅਤੇ ਤਾਲਿਬਾਨ ਵਿਚਾਲੇ ਇੱਕ ਸਮਝੌਤਾ ਸਾਹਮਣੇ ਆਇਆ ਹੈ। ਇਸ ਸਮਝੌਤੇ ਲਈ ਕਈ ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਸੀ। ਇਸ ਡੀਲ ਨੂੰ ਪ੍ਰਿਜ਼ਨਰ ਐਕਸਚੇਂਜ ਕਿਹਾ ਜਾ ਰਿਹਾ ਹੈ। ਦਰਅਸਲ ਇੱਕ ਅਮਰੀਕੀ ਇੰਜੀਨੀਅਰ ਦੋ ਸਾਲਾਂ ਤੋਂ ਤਾਲਿਬਾਨ ਦੀ ਕੈਦ ਵਿੱਚ ਸੀ। ਜਿਸ ਨੂੰ ਤਾਲਿਬਾਨ ਸਰਕਾਰ ਨੇ ਛੱਡ ਦਿੱਤਾ ਹੈ। ਬਦਲੇ ਵਿੱਚ ਅਮਰੀਕਾ ਨੇ ਖ਼ੌਫ਼ਨਾਕ ਤਾਲਿਬਾਨੀ ਦਹਿਸ਼ਤਗਰਦ, ਨਸ਼ੀਲੇ ਪਦਾਰਥਾਂ ਦੇ ਤਸਕਰ ਅਤੇ ਫਾਇਨਾਂਸਰ ਨੂੰ ਰਿਹਾਅ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਦੀ ਜਾਣਕਾਰੀ ਖੁਦ ਅਮਰੀਕੀ ਰਾਸ਼ਟਰਪਤੀ ਨੇ ਦਿੱਤੀ ਹੈ। ਹਾਲਾਂਕਿ, ਉਹ ਵੇਰਵੇ ਦੇਣ ਤੋਂ ਬੱਚਦੇ ਰਹੇ । ਤਾਲਿਬਾਨ ਨੇ ਵੀ ਕੈਦੀਆਂ ਦੀ ਅਦਲਾ-ਬਦਲੀ ਲਈ ਸਹਿਮਤੀ ਜਤਾਈ ਹੈ, ਪਰ ਉਨ੍ਹਾਂ ਨੇ ਵੇਰਵੇ ਦੇਣ ਤੋਂ ਪਾਸਾ ਵਟਿਆ।
ਤਾਲਿਬਾਨ ਵੱਲੋਂ ਰਿਹਾਅ ਕੀਤੇ ਗਏ ਅਮਰੀਕੀ ਇੰਜੀਨੀਅਰ ਦਾ ਨਾਂ ਮਾਰਕ ਫਰੈਰਿਕਸ ਹੈ। ਅਮਰੀਕਾ ਵੱਲੋਂ ਛੱਡਿਆ ਗਿਆ ਤਾਲਿਬਾਨੀ ਹਾਜੀ ਬਸ਼ੀਰ ਨੂਰਜੀ ਹੈ। ਤਾਲਿਬਾਨ ਅਤੇ ਅਮਰੀਕਾ ਦੋਵਾਂ ਨੇ ਇਸ ਅਦਲਾ-ਬਦਲੀ ਦੀ ਪੁਸ਼ਟੀ ਕੀਤੀ ਹੈ। ਹਾਜੀ ਬਸ਼ੀਰ ਕਈ ਸਾਲਾਂ ਤੋਂ ਕੰਧਾਰ ਵਿੱਚ ਨਸ਼ਿਆਂ ਦੀ ਤਸਕਰੀ ਕਰ ਰਿਹਾ ਸੀ। ਇਸ ਕਾਲੇ ਧੰਦੇ ਕਾਰਨ ਉਹ 1990 ਦੇ ਆਸ-ਪਾਸ ਵੱਡਾ ਕਾਰੋਬਾਰੀ ਵੀ ਬਣ ਗਿਆ ਸੀ। ਤਾਲਿਬਾਨ ਦੇ ਵਿਦੇਸ਼ ਮੰਤਰੀ ਮੁਤਾਕੀ ਨੇ ਕਿਹਾ- ਅਸੀਂ ਅਮਰੀਕਾ ਸਮੇਤ ਕਿਸੇ ਵੀ ਦੇਸ਼ ਨਾਲ ਗੱਲਬਾਤ ਲਈ ਤਿਆਰ ਹਾਂ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇੱਕ ਬਿਆਨ ‘ਚ ਕਿਹਾ- ਮਾਰਕ ਨੂੰ ਲਿਆਉਣਾ ਜ਼ਰੂਰੀ ਸੀ। ਅਜਿਹੇ ਫੈਸਲੇ ਲੈਣੇ ਔਖੇ ਹਨ। ਮੈਂ ਇਨ੍ਹਾਂ ਗੱਲਾਂ ਨੂੰ ਹਲਕੇ ਵਿੱਚ ਨਹੀਂ ਲੈਂਦਾ।