ਸੰਯੁਕਤ ਰਾਜ ਅਮਰੀਕਾ ਵਿੱਚ ਗੋਲੀਬਾਰੀ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਇੱਥੇ ਇੱਕ ਵਿਅਕਤੀ ਨੇ ਬੰਦੂਕ ਨਾਲ 7 ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਗੋਲੀਬਾਰੀ ‘ਚ 3 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਕੈਲੀਫੋਰਨੀਆ ਸੂਬੇ ਦੀ ਹੈ। ਘਾਤਕ ਗੋਲੀਬਾਰੀ ਦੀ ਘਟਨਾ ਬਾਰੇ ਪੁਲਿਸ ਅਧਿਕਾਰੀ ਫ੍ਰੈਂਕ ਪ੍ਰੀਸੀਆਡੋ ਨੇ ਦੱਸਿਆ ਕਿ ਗੋਲੀਬਾਰੀ ਲਾਸ ਏਂਜਲਸ ਨੇੜੇ ਬੇਵਰਲੀ ਕਰੈਸਟ ਵਿਖੇ ਦੁਪਹਿਰ 2:30 ਵਜੇ ਦੇ ਕਰੀਬ ਹੋਈ ਹੈ। ਜਿੱਥੇ ਇੱਕ ਵਿਅਕਤੀ ਨੇ 7 ਲੋਕਾਂ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ 7 ਲੋਕਾਂ ‘ਚੋਂ 4 ਬਾਹਰ ਖੜ੍ਹੇ ਸਨ, ਜਦਕਿ 3 ਲੋਕ ਕਾਰ ‘ਚ ਸਵਾਰ ਸਨ। ਗੋਲੀਬਾਰੀ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਦਕਿ ਜਾਨ ਗਵਾਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਫਰੈਂਕ ਪ੍ਰੀਸੀਡੋ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। 27 ਜਨਵਰੀ ਦੀ ਘਟਨਾ ਬਾਰੇ ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਖਮੀਆਂ ਬਾਰੇ ਉਨ੍ਹਾਂ ਕਿਹਾ ਕਿ ਗੋਲੀ ਲੱਗਣ ਵਾਲੇ ਕਈਆਂ ਦੀ ਹਾਲਤ ਬਹੁਤ ਗੰਭੀਰ ਹੈ। ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਮੀਡੀਆ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਮਹੀਨੇ ਕੈਲੀਫੋਰਨੀਆ ਵਿੱਚ ਸਮੂਹਿਕ ਗੋਲੀਬਾਰੀ ਦੀ ਇਹ ਚੌਥੀ ਘਟਨਾ ਹੈ। ਇਕ ਰਿਪੋਰਟ ਮੁਤਾਬਿਕ ਅਮਰੀਕਾ ‘ਚ ਪਿਛਲੇ ਸਾਲ ਯਾਨੀ 2022 ‘ਚ 600 ਤੋਂ ਜ਼ਿਆਦਾ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਅਮਰੀਕਾ ‘ਚ ਨਾਗਰਿਕਾਂ ਲਈ ਬੰਦੂਕ ਰੱਖਣ ਦਾ ਕਾਨੂੰਨ ਹੈ, ਜਿਸ ਮੁਤਾਬਕ ਹਰ ਕੋਈ ਬੰਦੂਕ ਰੱਖ ਸਕਦਾ ਹੈ, ਇਸ ਕਾਨੂੰਨ ‘ਤੇ ਹੁਣ ਸਵਾਲ ਉੱਠ ਰਹੇ ਹਨ।