ਭਾਰਤ ਤੋਂ ਅਮਰੀਕਾ ਜਾਣ ਵਾਲਿਆਂ ਲਈ ਰਾਹਤ ਦੀ ਖ਼ਬਰ ਹੈ। ਪਿਛਲੇ ਕੁੱਝ ਮਹੀਨਿਆਂ ਵਿੱਚ ਅਮਰੀਕਾ ਦਾ ਵੀਜ਼ਾ ਲੈਣ ਲਈ ਇੰਟਰਵਿਊ ਦੇ ਸਮੇਂ ਵਿੱਚ ਭਾਰੀ ਕਮੀ ਆਈ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਪਹਿਲਾਂ ਦੇ ਮੁਕਾਬਲੇ ਅਮਰੀਕਾ ਜਾਣ ਲਈ ਵੀਜ਼ਾ ਇੰਟਰਵਿਊ ਲਈ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ। ਪੀਟੀਆਈ ਦੀ ਰਿਪੋਰਟ ਮੁਤਾਬਿਕ ਯੂਐਸ ਵੀਜ਼ਾ ਸਰਵਿਸਿਜ਼ ਵਿਭਾਗ ਦੀ ਡਿਪਟੀ ਅਸਿਸਟੈਂਟ ਸੈਕਟਰੀ ਜੂਲੀ ਸਟਫਟ ਨੇ ਕਿਹਾ ਕਿ ਭਾਰਤ ਵਿੱਚ ਅਮਰੀਕੀ ਵੀਜ਼ਾ ਲਈ ਇੰਟਰਵਿਊ ਦੇ ਇੰਤਜ਼ਾਰ ਦੇ ਸਮੇਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਕੀਤੇ ਗਏ ਯਤਨਾਂ ਸਦਕਾ ਉਡੀਕ ਸਮੇਂ ਵਿੱਚ 60 ਫੀਸਦੀ ਦੀ ਕਮੀ ਆਈ ਹੈ, ਜੋ ਵੀਜ਼ਾ ਅਰਜ਼ੀ ਲਗਾਉਣ ਵਾਲਿਆਂ ਲਈ ਰਾਹਤ ਦੀ ਗੱਲ ਹੈ।
ਅਮਰੀਕੀ ਅਧਿਕਾਰੀ ਨੇ ਕਿਹਾ ਕਿ ਵੀਜ਼ਾ ਇੰਟਰਵਿਊ ਲਈ ਉਡੀਕ ਸਮੇਂ ਨੂੰ ਘਟਾਉਣ ਲਈ ਕਈ ਕਦਮ ਚੁੱਕੇ ਗਏ ਹਨ ਅਤੇ ਲਗਾਤਾਰ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਵੀਂ ਕੋਸ਼ਿਸ਼ ਤਹਿਤ ਭਾਰਤ ‘ਚ ਅਮਰੀਕੀ ਅਫਸਰਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਇਸ ਦੇ ਨਾਲ ਹੀ ਹੋਰ ਥਾਵਾਂ ‘ਤੇ ਵੀ ਡਿਪਲੋਮੈਟਿਕ ਮਿਸ਼ਨ ਖੋਲ੍ਹੇ ਜਾ ਰਹੇ ਹਨ। ਜੂਲੀ ਸਟਫਟ ਨੇ ਦੱਸਿਆ ਕਿ ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਸਾਲ ਲਗਭਗ 10 ਲੱਖ ਵੀਜ਼ੇ ਜਾਰੀ ਕਰਨ ਦਾ ਟੀਚਾ ਰੱਖਿਆ ਹੈ, ਜੋ ਕਿ ਮਹਾਂਮਾਰੀ ਤੋਂ ਪਹਿਲਾਂ ਨਾਲੋਂ ਵੱਧ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਵਿੱਚ ਅਫਸਰਾਂ ਦੀ ਗਿਣਤੀ ਵਧਾਈ ਹੈ। ਅਸੀਂ ਹੈਦਰਾਬਾਦ ਵਿੱਚ ਇੱਕ ਨਵਾਂ ਕੌਂਸਲੇਟ ਖੋਲ੍ਹ ਰਹੇ ਹਾਂ। ਇਸ ਸਮੇਂ ਸਾਡਾ ਪੂਰਾ ਧਿਆਨ ਸਿਰਫ ਇਸ ਗੱਲ ‘ਤੇ ਹੈ ਕਿ ਅਸੀਂ ਭਾਰਤ ਵਿਚ ਆਪਣੇ ਵੀਜ਼ਾ ਲਈ ਉਡੀਕ ਸਮੇਂ ਨੂੰ ਕਿਵੇਂ ਘਟਾ ਸਕਦੇ ਹਾਂ।
ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤੀ ਆਪਣੇ ਦੇਸ਼ ‘ਚ ਵੀਜ਼ਾ ਲਈ ਅਪਲਾਈ ਕਰ ਸਕਣ ਅਤੇ ਅਸੀਂ ਉੱਥੇ ਪਹੁੰਚਾਂਗੇ। ਉਨ੍ਹਾਂ ਕਿਹਾ ਕਿ 100 ਤੋਂ ਵੱਧ ਅਮਰੀਕੀ ਡਿਪਲੋਮੈਟਿਕ ਮਿਸ਼ਨ ਭਾਰਤ ਦੇ ਲੋਕਾਂ ਨੂੰ ਵੀਜ਼ੇ ਦੇ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਵਿਦੇਸ਼ ਵਿਭਾਗ ਭਾਰਤ ਵਿੱਚ ਉਡੀਕ ਸਮਾਂ ਘਟਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ।