ਤਿੰਨ ਦਿਨ ਪਹਿਲਾਂ ਅਮਰੀਕਾ ਦੇ ਮੈਸੇਚਿਉਸੇਟਸ ਵਿੱਚ ਇੱਕ ਭਾਰਤੀ ਮੂਲ ਦਾ ਪਰਿਵਾਰ ਆਪਣੀ ਹੀ ਹਵੇਲੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਪਾਇਆ ਗਿਆ ਸੀ। ਮਰਨ ਵਾਲਿਆਂ ‘ਚ ਪਤੀ, ਪਤਨੀ ਅਤੇ ਉਨ੍ਹਾਂ ਦੀ ਬੇਟੀ ਸ਼ਾਮਿਲ ਹੈ। ਇਸ ਘਟਨਾ ਦੇ ਤਿੰਨ ਦਿਨ ਬਾਅਦ ਪੁਲਿਸ ਨੇ ਮੌਤ ਦਾ ਭੇਤ ਸੁਲਝਾ ਲਿਆ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਿਕ ਇਹ ਘਟਨਾ ਵੀਰਵਾਰ (28 ਦਸੰਬਰ) ਦੀ ਸ਼ਾਮ ਨੂੰ ਵਾਪਰੀ, ਜਦੋਂ 57 ਸਾਲਾ ਰਾਕੇਸ਼ ਕਮਲ, ਉਸ ਦੀ ਪਤਨੀ, 54 ਸਾਲਾ ਟੀਨਾ ਅਤੇ ਉਨ੍ਹਾਂ ਦੀ 18 ਸਾਲਾ ਧੀ ਅਰਿਆਨਾ ਮ੍ਰਿਤਕ ਪਾਏ ਗਏ। ਹੁਣ ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਕਿਹਾ ਹੈ ਕਿ ਰਾਕੇਸ਼ ਕਮਲ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਪਤਨੀ ਅਤੇ ਧੀ ਨੂੰ ਗੋਲੀ ਮਾਰ ਦਿੱਤੀ ਸੀ। ਜਾਂਚ ਅਧਿਕਾਰੀਆਂ ਨੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਭੇਤ ਸੁਲਝਾ ਲਿਆ ਹੈ।
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਇਸ ਨੂੰ ਘਰੇਲੂ ਹਿੰਸਾ ਕਰਾਰ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਘਟਨਾ ਵਾਲੀ ਥਾਂ ‘ਤੇ ਕਿਸੇ ਤਰ੍ਹਾਂ ਦੀ ਹਿੰਸਾ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਭੰਨਤੋੜ ਨਹੀਂ ਕੀਤੀ ਗਈ। ਹਾਲਾਂਕਿ, 57 ਸਾਲਾ ਰਾਕੇਸ਼ ਕਮਲ ਦੀ ਲਾਸ਼ ਦੇ ਕੋਲ ਇੱਕ ਬੰਦੂਕ ਜ਼ਰੂਰ ਮਿਲੀ ਹੈ। ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਦੱਸਿਆ ਕਿ ਰਾਕੇਸ਼ ਕਮਲ ਕੋਲ ਮਿਲੀ ਬੰਦੂਕ ਦਾ ਕੋਈ ਲਾਇਸੈਂਸ ਨਹੀਂ ਸੀ। ਜਾਂਚ ਅਧਿਕਾਰੀ ਕਤਲ ਵਿੱਚ ਵਰਤੇ ਗਏ ਹਥਿਆਰ ਦੀ ਜਾਂਚ ਕਰ ਰਹੇ ਹਨ। ਰਾਕੇਸ਼ ਕਮਲ ਨੇ ਬੰਦੂਕ ਕਿਵੇਂ ਅਤੇ ਕਿੱਥੋਂ ਪ੍ਰਾਪਤ ਕੀਤੀ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚਕਰਤਾ ਹਥਿਆਰ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਸੰਘੀ ਬੰਦੂਕ ਮਾਹਿਰ ਨਾਲ ਗੱਲ ਕਰ ਰਹੇ ਹਨ।
ਰਾਕੇਸ਼ ਕਮਲ ਨੇ ਆਪਣੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਿਉਂ ਕੀਤੀ, ਇਸ ਦਾ ਰਾਜ਼ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਲਾਂਕਿ ਪੁਲਿਸ ਦਾ ਦਾਅਵਾ ਹੈ ਕਿ ਇਹ ਮਾਮਲਾ ਸਿਰਫ਼ ਘਰੇਲੂ ਹਿੰਸਾ ਨਾਲ ਸਬੰਧਿਤ ਹੈ। ਰਿਪੋਰਟ ਅਨੁਸਾਰ ਜਦੋਂ ਪਿਛਲੇ ਦੋ ਦਿਨਾਂ ਤੋਂ ਪੀੜਤ ਪਰਿਵਾਰ ਬਾਰੇ ਕੋਈ ਖ਼ਬਰ ਨਹੀਂ ਮਿਲੀ ਤਾਂ ਇੱਕ ਰਿਸ਼ਤੇਦਾਰ ਉਨ੍ਹਾਂ ਦੇ ਘਰ ਪਹੁੰਚਿਆ, ਜਿੱਥੇ ਉਹ ਸਭ ਨੂੰ ਮ੍ਰਿਤਕ ਦੇਖ ਕੇ ਹੈਰਾਨ ਰਹਿ ਗਿਆ ਅਤੇ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।