ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਇਸ ਦੌਰਾਨ ਕੋਰੋਨਾ ਕਾਰਨ ਕਈ ਤਰਾਂ ਦੀਆਂ ਪਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਹਨ। ਪਰ ਕੁੱਝ ਲੋਕ ਅਜੇ ਵੀ ਕੋਵਿਡ ਨਿਯਮਾਂ ਦਾ ਸਹੀ ਢੰਗ ਨਾਲ ਪਾਲਣ ਨਹੀਂ ਕਰ ਰਹੇ ਹਨ। ਨਿਯਮਾਂ ਦਾ ਸਹੀ ਢੰਗ ਨਾਲ ਪਾਲਣ ਨਾ ਕਰਨ ਦੀ ਇਸ ਗਲਤੀ ਨੇ ਅਮਰੀਕਾ ਵਿੱਚ ਇੱਕ ਫਲਾਈਟ ਨੂੰ ਪਾਇਲਟ ਨੂੰ ਜਹਾਜ਼ ਵਾਪਸ ਮੋੜਨ ਲਈ ਮਜਬੂਰ ਕਰ ਦਿੱਤਾ।
ਦਰਅਸਲ ਅਮਰੀਕਾ (ਯੂ.ਕੇ.) ਦੇ ਮਿਆਮੀ ਤੋਂ ਲੰਡਨ (ਯੂ.ਕੇ.) ਜਾ ਰਹੇ ਇੱਕ ਅਮਰੀਕੀ ਜਹਾਜ਼ ਨੂੰ ਵੀਰਵਾਰ ਨੂੰ ਅੱਧ ਵਿਚਕਾਰ ਹੀ ਵਾਪਿਸ ਪਰਤਣਾ ਪਿਆ। ਜੈਟਲਾਈਨਰ ਏਅਰਲਾਈਨ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਫਲਾਈਟ ਨੂੰ ਅੱਧੇ ਰਸਤੇ ਤੋਂ ਵਾਪਿਸ ਮੋੜਨਾ ਪਿਆ ਕਿਉਂਕਿ ਇੱਕ ਯਾਤਰੀ ਨੇ ਕੋਵਿਡ-19 ਨੂੰ ਰੋਕਣ ਲਈ ਮਾਸਕ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਏਅਰਲਾਈਨ ਨੇ ਆਪਣੇ ਬਿਆਨ ਵਿੱਚ ਕਿਹਾ, “ਅਮਰੀਕਨ ਏਅਰਲਾਈਨਜ਼ ਦੀ ਫਲਾਈਟ 38 ਮਿਆਮੀ ਤੋਂ ਲੰਡਨ ਜਾ ਰਹੀ ਸੀ ਪਰ ਇੱਕ ਯਾਤਰੀ ਵੱਲੋਂ ਯੂਐਸ ਮਾਸਕ ਨਿਯਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਨ ਕਾਰਨ ਮਿਆਮੀ ਹਵਾਈ ਅੱਡੇ ‘ਤੇ ਵਾਪਸ ਜਾਣਾ ਪਿਆ।
ਜਾਣਕਾਰੀ ਦਿੰਦੇ ਹੋਏ, ਏਅਰਲਾਈਨ ਨੇ ਕਿਹਾ ਕਿ ਮਿਆਮੀ ਤੋਂ ਲੰਡਨ ਦੀ ਸੇਵਾ ਵਾਲੀ ਅਮੈਰੀਕਨ ਏਅਰਲਾਈਨ ਦੀ ਫਲਾਈਟ 38 ਨੂੰ ਇੱਕ ਯਾਤਰੀ ਦੇ ਮਾਸਕ ਨਾ ਪਾਉਣ ਦੀ ਜ਼ਿੱਦ ਕਾਰਨ 90 ਮਿੰਟ ਮਗਰੋਂ ਵਾਪਸ ਮੋੜ ਲਿਆ ਗਿਆ ਸੀ। ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬੋਇੰਗ 777 129 ਯਾਤਰੀਆਂ ਅਤੇ 14 ਕਰੂ ਮੈਂਬਰਾਂ ਨੂੰ ਲੈ ਕੇ ਮਿਆਮੀ ਵਾਪਸ ਉਤਰਿਆ। ਇੱਕ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਜਹਾਜ਼ ਉਤਰਿਆ ਤਾਂ ਪੁਲਿਸ ਨੇ ਬਿਨਾਂ ਕਿਸੇ ਬਹਿਸ ਦੇ ਯਾਤਰੀ ਨੂੰ ਜਹਾਜ਼ ਤੋਂ ਉਤਾਰ ਦਿੱਤਾ ।
ਅਮਰੀਕਨ ਏਅਰਲਾਈਨਜ਼ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇਰੀ ਜਾਂਚ ਤੱਕ ਇਸ ਯਾਤਰੀ ਨੂੰ ਏਅਰਲਾਈਨ ਦੇ ਨਾਲ ਉਡਾਣ ਭਰਨ ਤੋਂ ਵਰਜਿਤ ਲੋਕਾਂ ਦੀ ਸੂਚੀ ‘ਚ ਰੱਖਿਆ ਗਿਆ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਜਨਵਰੀ 2021 ਵਿੱਚ ਕਿਹਾ ਸੀ ਕਿ ਇਹ ਉਹਨਾਂ ਲੋਕਾਂ ਪ੍ਰਤੀ ਇੱਕ ਜ਼ੀਰੋ-ਟੌਲਰੈਂਸ ਨੀਤੀ ਦੀ ਪਾਲਣਾ ਕਰੇਗਾ ਜੋ ਨਿਯਮਾਂ ਦੀ ਉਲੰਘਣਾ ਕਰਦੇ ਹਨ ਜੋ ਅਮਰੀਕੀ ਘਰੇਲੂ ਉਡਾਣਾਂ ਵਿੱਚ ਮਾਸਕ ਪਾਉਣ ਦਾ ਆਦੇਸ਼ ਦਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿੱਚ ਕੋਰੋਨਾ ਦਾ ਸੰਕਰਮਣ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਸ ਦੌਰਾਨ ਟੀਕਾਕਰਨ ਮੁਹਿੰਮ ਜਾਰੀ ਹੈ।