ਅਮਰੀਕੀ ਸਰਕਾਰ ਦੇ ਸਲਾਹਕਾਰਾਂ ਦੀ ਇੱਕ ਕਮੇਟੀ ਨੇ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਦੀ ਘੱਟ ਖੁਰਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਅਮਰੀਕਾ ਲੱਖਾਂ ਬੱਚਿਆਂ ਦੇ ਕੋਵਿਡ-19 ਟੀਕਾਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੋਰ ਅੱਗੇ ਵੱਧ ਗਿਆ ਹੈ। ਰਿਪੋਰਟਾਂ ਮੁਤਾਬਿਕ ਸ਼ਨੀਵਾਰ ਨੂੰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਦੀ ਸਲਾਹਕਾਰ ਕਮੇਟੀ ਨੇ ਸਰਬਸੰਮਤੀ ਨਾਲ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ।
Pfizer-Biontech ਪਹਿਲੀ ਕੰਪਨੀ ਬਣ ਗਈ ਹੈ ਜਿਸ ਨੂੰ US FDA (ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ) ਨੇ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਇੱਕ ਟੀਕੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ਮਨਜ਼ੂਰੀ ਤੋਂ ਬਾਅਦ Pfizer Biotech ਨੇ ਕਿਹਾ ਕਿ ਇਸ ਵੈਕਸੀਨ ਦੀਆਂ ਦੋ ਖੁਰਾਕਾਂ ਬੱਚਿਆਂ ਨੂੰ 21 ਦਿਨਾਂ ਦੇ ਅੰਤਰਾਲ ‘ਤੇ ਦਿੱਤੀਆਂ ਜਾਣਗੀਆਂ। ਪਰ, ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋਣ ਤੋਂ ਪਹਿਲਾਂ, ਅਮਰੀਕਾ ਦੀ ਐਫਡੀਏ ਮੰਗਲਵਾਰ ਨੂੰ ਇਸ ਟੀਕੇ ਬਾਰੇ ਵਧੇਰੇ ਵਿਸਥਾਰਪੂਰਵਕ ਜਾਣਕਾਰੀ ਲਵੇਗੀ। ਇਸ ਤੋਂ ਬਾਅਦ ਹੀ ਬੱਚਿਆਂ ਦਾ ਟੀਕਾਕਰਨ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ।
ਫਾਈਜ਼ਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਲਬਰਟ ਬੋਲਾ ਨੇ ਕਿਹਾ, ‘ਅਮਰੀਕਾ ਵਿੱਚ 60 ਲੱਖ ਤੋਂ ਵੱਧ ਬੱਚੇ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ਤੋਂ ਇਲਾਵਾ ਕਈ ਨੌਜਵਾਨ ਵੀ ਇਸ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ। ਵੈਕਸੀਨ ਦੇ ਆਉਣ ਨਾਲ ਬੱਚਿਆਂ ਨੂੰ ਬਿਹਤਰ ਸੁਰੱਖਿਆ ਮਿਲੇਗੀ ਅਤੇ ਇਹ ਕੋਰੋਨਾ ਵਿਰੁੱਧ ਇਸ ਜੰਗ ਵਿੱਚ ਵੱਡੀ ਭੂਮਿਕਾ ਨਿਭਾਏਗੀ। ਇਸ ਟੀਕੇ ਨਾਲ ਅਸੀਂ ਬੱਚਿਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ ਸਭ ਦੀ ਸੁਰੱਖਿਆ ਕਰ ਸਕਾਂਗੇ।