ਲੁਧਿਆਣਾ ਦੇ ਇੱਕ ਮਸ਼ਹੂਰ ਢਾਬੇ ਤੋਂ ਮੰਗਵਾਈ ਗਏ ਪੁਲਾਓ ਵਿੱਚੋਂ ਕੀੜੇ ਨਿਕਲਣ ਤੋਂ ਬਾਅਦ ਹੰਗਾਮਾ ਹੋ ਗਿਆ। ਪੁਲਾਓ ਖਾਣ ਤੋਂ ਬਾਅਦ 2 ਲੋਕਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਉਲਟੀਆਂ ਆਉਣ ਲੱਗੀਆਂ। ਜਦੋਂ ਗਾਹਕ ਨੇ ਡੱਬੇ ਨੂੰ ਨੇੜਿਓਂ ਦੇਖਿਆ ਤਾਂ ਉਸ ਵਿੱਚ ਮਰਿਆ ਹੋਇਆ ਕੀੜਾ ਪਿਆ ਸੀ। ਖਾਣੇ ‘ਚ ਕੀੜਾ ਦੇਖ ਕੇ ਗਾਹਕ ਸ਼ਿਕਾਇਤ ਕਰਨ ਲਈ ਢਾਬੇ ‘ਤੇ ਪਹੁੰਚਿਆ ਪਰ ਢਾਬਾ ਮਾਲਕ ਨੇ ਉਸ ਦੀ ਇਕ ਨਾ ਸੁਣੀ ਅਤੇ ਉਲਟਾ ਉਸ ‘ਤੇ ਦੋਸ਼ ਲਗਾਉਣ ਲੱਗੇ।
ਸੂਚਨਾ ਮਿਲਦੇ ਹੀ ਫੂਡ ਸੇਫਟੀ ਵਿਭਾਗ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਢਾਬੇ ਦੀ ਰਸੋਈ ਤੋਂ ਸੈਂਪਲ ਲੈ ਕੇ ਢਾਬੇ ਦਾ ਚਲਾਨ ਕੀਤਾ। ਗਾਹਕ ਨੇ ਦੱਸਿਆ ਕਿ ਉਨ੍ਹਾਂ ਨੇ ਦੁਪਹਿਰ ਦੇ ਖਾਣੇ ਸਮੇਂ ਘੰਟਾਘਰ ਚੌਕ ਦੇ ਵਿੱਚ ਬਣੇ ਢਾਬੇ ਤੋਂ ਪੁਲਾਓ ਮੰਗਵਾਇਆ ਸੀ। ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਇਕ ਸਾਥੀ ਨੇ ਜਿਵੇਂ ਹੀ ਥੋੜਾ ਜਿਹਾ ਪੁਲਾਓ ਖਾਧਾ ਤਾਂ ਉਨ੍ਹਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਜਦੋਂ ਥਾਲੀ ‘ਤੇ ਪਏ ਪੁਲਾਓ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਉਸ ‘ਚ ਮਰਿਆ ਹੋਇਆ ਕੀੜਾ ਦੇਖਿਆ ਗਿਆ। ਜਦੋਂ ਉਹ ਸ਼ਿਕਾਇਤ ਕਰਨ ਢਾਬੇ ‘ਤੇ ਗਿਆ ਤਾਂ ਢਾਬਾ ਮਾਲਕ ਨੇ ਦੁਰਵਿਵਹਾਰ ਕਰਦੇ ਹੋਏ ਕਿਹਾ ਕਿ ਤੁਸੀਂ ਖੁਦ ਹੀ ਪੁਲਾਓ ‘ਚ ਕੀੜਾ ਪਾਇਆ ਹੋਵੇਗਾ।
ਸਿਹਤ ਵਿਭਾਗ ਨੂੰ ਸੂਚਿਤ ਕਰਨ ਤੋਂ ਬਾਅਦ ਫੂਡ ਸੇਫਟੀ ਅਫਸਰ ਸਤਵਿੰਦਰ ਸਿੰਘ ਵੀ ਮੌਕੇ ‘ਤੇ ਪਹੁੰਚ ਗਏ। ਸਤਵਿੰਦਰ ਸਿੰਘ ਨੇ ਰਸੋਈ ਦਾ ਮੁਆਇਨਾ ਕੀਤਾ ਤਾਂ ਪਾਇਆ ਗਿਆ ਕਿ ਢਾਬੇ ‘ਚ ਗੈਰ-ਸਫਾਈ ਵਾਲੇ ਤਰੀਕੇ ਨਾਲ ਖਾਣਾ ਬਣਾਇਆ ਜਾ ਰਿਹਾ ਸੀ, ਜਿਸ ਕਾਰਨ ਢਾਬੇ ਦਾ ਚਲਾਨ ਕੀਤਾ ਗਿਆ | ਫੂਡ ਸੇਫਟੀ ਟੀਮ ਨੇ ਰਸੋਈ ਤੋਂ ਪਰੋਸੇ ਜਾ ਰਹੇ ਖਾਣੇ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ।