ਪਿਛਲੇ ਸੱਤ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਵੱਲੋ ਪ੍ਰਦਰਸ਼ਨ ਕੀਤਾ ਜਾਂ ਰਿਹਾ ਹੈ। ਭਾਰਤ ਸਰਕਾਰ ਅਤੇ ਕਿਸਾਨਾਂ ਵਿਚਕਾਰ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਵੀ ਸਹਿਮਤੀ ਨਹੀਂ ਬਣੀ ਹੈ। ਬਹੁਤ ਸਾਰੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸ਼ਖ਼ਸੀਅਤਾਂ ਵੀ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰ ਚੁੱਕੀਆਂ ਹਨ। ਇਸ ਦੇ ਨਾਲ ਹੀ ਪੰਜਾਬ ਦੀਆਂ ਵੀ ਉੱਘੀਆਂ ਹਸਤੀਆਂ ਕਿਸਾਨਾਂ ਦੀ ਬਿਹਤਰੀ ਲਈ ਲਗਤਾਰ ਡਟੀਆਂ ਹੋਈਆਂ ਹਨ। ਅੰਦੋਲਨ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕਈ ਪੰਜਾਬੀ ਗਾਇਕਾਂ ਨੇ ਕਿਸਾਨਾਂ ਦੇ ਹੱਕ ਵਿੱਚ ਕਈ ਗੀਤ ਗਾਏ ਹਨ। ਇਸ ਦੌਰਾਨ ਦੋ ‘ਕਿਸਾਨ ਐਂਥਮ’ ਅਤੇ ‘ਕਿਸਾਨ ਐਂਥਮ 2’ ਦੇ ਨਾਮ ਨਾਲ ਵੀ ਗੀਤ ਆਏ ਸਨ, ਜਿਨ੍ਹਾਂ ਨੂੰ ਕਿਸਾਨਾਂ ਨੇ ਕਾਫੀ ਪਸੰਦ ਕੀਤਾ ਸੀ।
ਪੰਜਾਬ, ਹਰਿਆਣਾ, ਯੂਪੀ ਅਤੇ ਰਾਜਸਥਾਨ ਸਣੇ ਦੇਸ਼ ਭਰ ਦੇ ਕਿਸਾਨ ਇਸ ਅੰਦੋਲਨ ’ਚ ਪੂਰੀ ਤਰ੍ਹਾਂ ਇੱਕਜੁਟ ਹਨ। ਇਸੇ ਏਕਤਾ ਨੂੰ ਲੈ ਕਿ ਗਾਇਕਾਂ ਨੇ ਗੀਤ ਵੀ ਬਣਾਏ ਹਨ। ਇਸ ਵਿਚਕਾਰ ਹੁਣ ਇੱਕ ਵਾਰ ਫਿਰ ‘ਕਿਸਾਨ ਐਂਥਮ’ ਗੀਤ ਆ ਰਿਹਾ ਹੈ, ‘ਕਿਸਾਨ ਐਂਥਮ’ ਲਿਖਣ ਵਾਲੇ ਅਤੇ ਗਾਉਣ ਵਾਲੇ ਗਾਇਕ ਤੇ ਗੀਤਕਾਰ ਸ਼ਿਰੀ ਬਰਾੜ ਨੇ ਹੁਣ ‘ਕਿਸਾਨ ਐਂਥਮ 3’ ਦੇ ਰਿਲੀਜ਼ ਬਾਰੇ ਦੱਸਿਆ ਹੈ। ਸ਼ਿਰੀ ਬਰਾੜ ਤੇ ਜੱਸ ਬਾਜਵਾ ਦੇ ਪਿਛਲੇ ਟ੍ਰੈਕ ‘ਪੰਜਾਬ ਲਾਪਤਾ’ ਦੇ ਅਖੀਰ ਵਿੱਚ ਕਿਸਾਨ ਐਂਥਮ 3 ਬਾਰੇ ਦੱਸਿਆ ਗਿਆ ਸੀ।’ ਹਾਲਾਂਕਿ ਅਜੇ ਗੀਤ ਦੀ ਰਿਲੀਜ਼ ਤਰੀਕ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਕਿਸਾਨ ਐਂਥਮ 1, ਕਿਸਾਨ ਐਂਥਮ 2 ਵਾਂਗ ਕਿਸਾਨ ਐਂਥਮ 3 ਵੀ ਇੱਕ ਵੱਖਰਾ ਗੀਤ ਹੈ; ਜੋ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਦਰਸਾਉਣ ਲਈ ਤਿਆਰ ਕੀਤਾ ਗਿਆ ਹੈ।